
ਅਮਨ ਸਿੰਘ ਨੂੰ 17 ਅਪ੍ਰੈਲ 2018 ਨੂੰ ਘਰੋਂ ਬੇਦਖਲ ਕਰ ਦਿੱਤਾ ਸੀ।
ਚੰਡੀਗੜ੍ਹ : ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਕਤਲ ਕੀਤੇ ਵਿਅਕਤੀ ਦੀ ਜਿੰਮੇਵਾਰੀ ਲੈਣ ਵਾਲੀ ਨਿਹੰਗਾਂ ਦੀ ਜਥੇਬੰਦੀ ਦਾ ਮੁਖੀ ਨਿਹੰਗ ਅਮਨ ਸਿੰਘ ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ ਹੈ ਤੇ ਉਸ ਦੀਆਂ ਭਾਜਪਾ ਆਗੂਆਂ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਉਸ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ। ਇਕ ਰਿਪੋਰਟ ਮਤਾਬਿਕ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਧੂਰੀ ਦੇ ਪਿੰਡ ਬੱਬਨਪੁਰ 'ਚ ਤਰਸਯੋਗ ਹਾਲਤ 'ਚ ਰਹਿੰਦੇ ਅਮਨ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਸ ਦੇ ਬਦਲਦੇ ਸੁਭਾਅ ਕਾਰਨ ਉਸ ਨੂੰ 17 ਅਪ੍ਰੈਲ 2018 ਨੂੰ ਘਰੋਂ ਬੇਦਖਲ ਕਰ ਦਿੱਤਾ ਸੀ।
Nihang Aman Singh
ਪਰਿਵਾਰ ਮੁਤਾਬਿਕ ਉਹ ਬਚਪਨ ਵਿਚ ਸਾਫ ਸੁਥਰੇ ਚਾਲ ਚਲਣ ਵਾਲੇ ਅਮਨ ਦੀ ਪੜ੍ਹਾਈ ਵਿਚ ਰੁਚੀ ਨਹੀਂ ਸੀ ਤੇ ਕੱਬਡੀ ਦਾ ਖਿਡਾਰੀ ਸੀ। ਥੋੜ੍ਹਾ ਸਮਾਂ ਪਹਿਲਾਂ ਹੀ ਉਹ ਨਿਹੰਗਾਂ ਦੀ ਜੱਥੇਬੰਦੀ ਨਾਲ ਜੁੜਿਆ ਸੀ ਪਰ ਅਮਨ ਸਿੰਘ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਸ ਦੇ ਬੇਟੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਪਰਿਵਾਰ ਨੇ ਕਿਹਾ ਕਿ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਮੰਦਭਾਗੀ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਦੀ ਆੜ ਹੇਠ ਪੁਲਿਸ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਉਸ ਦਾ ਪਿੰਡ ਆਉਣਾ ਜਾਣਾ ਹੈ।
Nihang Aman Singh Father
ਉਹ ਤਾਂ ਆਪ ਖ਼ੁਦ ਕਿਸੇ ਹੋਰ ਦੇ ਘਰ ਰਹਿ ਕੇ ਬੜੀ ਮੁਸ਼ਕਲ ਨਾਲ ਗੁਜਾਰਾ ਕਰ ਰਹੇ ਹਨ। ਪਰਿਵਾਰ ਨੇ ਡੀਜੀਪੀ ਪੰਜਾਬ ਤੋਂ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਮੰਗ ਕੀਤੀ ਹੈ। ਅਮਨ ਸਿੰਘ ਦਾ ਪਿਤਾ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਤੇ ਉਸ ਦੀ ਮਾਂ ਵੀ ਬਿਮਾਰ ਰਹਿੰਦੀ ਹੈ। ਹਾਲਾਤ ਇਹ ਹਨ ਕਿ ਇਲਾਜ ਵੀ ਪਿੰਡ ਦੇ ਲੋਕ ਪੈਸੇ ਇਕੱਠੇ ਕਰਕੇ ਕਰਵਾ ਰਹੇ ਹਨ। ਅਮਨ ਦੇ ਪਿਤਾ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਵੀ ਜੋ ਸਰਕਾਰ ਰਾਸ਼ਨ ਦਿੰਦੀ ਹੈ ਉਸ ਨਾਲ ਹੀ ਹੁੰਦਾ ਹੈ।
ਦੱਸ ਦਈਏ ਕਿ ਬਰਨਾਲਾ ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ ਵਿਖੇ ਨਿਹੰਗ ਅਮਨ ਸਿੰਘ ਦੇ ਖਿਲਾਫ਼ ਗਾਂਜਾ ਬਰਾਮਦ ਕੇਸ ਵਿਚ ਨਾਂ ਨਾਮਜ਼ਦ ਹੈ।
ਇਸ ਕੇਸ ਵਿਚ ਵੀ ਪੁਲਿਸ ਚਲਾਨ ਪੇਸ਼ ਕਰੇਗੀ। ਥਾਣਾ ਮਹਿਲ ਕਲਾਂ ਦੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਮੁਤਾਬਿਕ ਸੀਆਈਏ ਇੰਚਾਰਜ ਬਲਜੀਤ ਸਿੰਘ ਵੱਲੋਂ ਮਾਰੇ ਗਏ ਛਾਪੇ ਦੌਰਾਨ 14 ਜਨਵਰੀ 2018 ਨੂੰ 910 ਕਿਲੋ ਗਾਂਜਾ ਬਰਾਮਦ ਹੋਇਆ ਸੀ। ਇਸ ਮਾਮਲੇ ਵਿਚ ਪੰਜ ਜਾਣਿਆਂ ਉੱਤੇ ਕੇਸ ਦਰਜ ਹੈ। ਜਾਂਚ ਤੋਂ ਬਾਅਦ ਤਿੰਨ ਹੋਰ ਮੁਲਜ਼ਮਾਂ ਨੂੰ ਇਸ ਕੇਸ ਵਿਚ ਸ਼ਾਮਲ ਕੀਤਾ ਗਿਆ। ਜਿੰਨਾਂ ਵਿਚ ਅਮਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਬਨਪੁਰ (ਧੂਰੀ) ਦਾ ਨਾਮ ਵੀ ਸ਼ਾਮਲ ਹੈ। ਇਸ ਕੇਸ ਵਿੱਚ ਅਮਨ ਪਿਛਲੇ ਸਾਲ ਪੇਸ਼ ਹੋਇਆ ਸੀ।