
ਹਿੰਦੂ ਦੇਵੀ-ਦੇਵਤਿਆਂ ਵਿਰੁਧ ਭਾਜਪਾ ਆਗੂ ਨੇ ਦਿਤਾ ਵਿਵਾਦਤ ਬਿਆਨ
ਦੀਵਾਲੀ ਮੌਕੇ ਹੁੰਦੀ ਲਕਸ਼ਮੀ ਪੂਜਾ 'ਤੇ ਵੀ ਚੁੱਕੇ ਸਵਾਲ
ਪਟਨਾ, 20 ਅਕਤੂਬਰ : ਬਿਹਾਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਲਲਨ ਪਾਸਵਾਨ ਨੇ ਹਿੰਦੂ ਦੇਵੀ-ਦੇਵਤਿਆਂ ਬਾਰੇ ਅਜੀਬੋ-ਗਰੀਬ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿਤਾ ਹੈ | ਪਾਸਵਾਨ ਦੇ ਇਸ ਬਿਆਨ 'ਤੇ ਬੜਾ ਹੰਗਾਮਾ ਹੋਇਆ | ਭਾਗਲਪੁਰ ਦੇ ਸ਼ੇਰਮਾਰੀ ਬਜ਼ਾਰ ਵਿਚ ਲੋਕਾਂ ਨੇ ਰੋਸ-ਪ੍ਰਦਰਸ਼ਨ ਕੀਤਾ ਅਤੇ ਭਾਜਪਾ ਵਿਧਾਇਕ ਦਾ ਪੁਤਲਾ ਫ਼ੂਕਿਆ | ਭਾਗਲਪੁਰ ਜ਼ਿਲ੍ਹੇ 'ਚ ਪੈਂਦੇ ਪੀਰਪੈਂਤੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪਾਸਵਾਨ ਨੇ ਹਿੰਦੂ ਧਰਮ ਬਾਰੇ ਸਵਾਲ ਚੁਕੇ | ਅਪਣੇ ਵਲੋਂ ਪੇਸ਼ ਕੀਤੇ ਪੱਖ ਨੂੰ ਸਾਬਤ ਕਰਨ ਲਈ ਸਬੂਤਾਂ ਨਾਲ ਦਲੀਲਾਂ ਦਿਤੀਆਂ | ਉਸ ਨੇ ਦੀਵਾਲੀ ਮੌਕੇ ਹੁੰਦੀ ਲਕਸ਼ਮੀ ਪੂਜਾ 'ਤੇ ਵੀ ਸਵਾਲ ਖੜੇ ਕੀਤੇ
ਪਾਸਵਾਨ ਨੇ ਕਿਹਾ,''ਜੇਕਰ ਸਾਨੂੰ ਦੌਲਤ ਸਿਰਫ਼ ਦੇਵੀ ਲਕਸ਼ਮੀ ਦੀ ਪੂਜਾ ਕਰਕੇ ਹੀ ਮਿਲਦੀ ਹੈ ਤਾਂ ਕੋਈ ਮੁਸਲਮਾਨ ਅਰਬਪਤੀ ਅਤੇ ਖਰਬਪਤੀ ਨਾ ਹੁੰਦਾ | ਮੁਸਲਮਾਨ ਦੇਵੀ ਲਕਸ਼ਮੀ ਦੀ ਪੂਜਾ ਨਹੀਂ ਕਰਦੇ ਤਾਂ ਕੀ ਉਹ ਅਮੀਰ ਨਹੀਂ ਹਨ? ਮੁਸਲਮਾਨ ਦੇਵੀ ਸਰਸਵਤੀ ਦੀ ਪੂਜਾ ਨਹੀਂ ਕਰਦੇ ਤਾਂ ਕੀ ਮੁਸਲਮਾਨਾਂ ਵਿਚ ਕੋਈ ਵਿਦਵਾਨ ਨਹੀਂ? ਕੀ ਮੁਸਲਮਾਨ ਆਈ.ਏ.ਐਸ. ਜਾਂ ਆਈ.ਪੀ.ਐਸ. ਨਹੀਂ ਬਣਦੇ?'' ਭਾਜਪਾ ਆਗੂ ਨੇ ਕਿਹਾ ਕਿ ਇਹ ਸਿਰਫ਼ ਲੋਕਾਂ ਵਲੋਂ ਕੀਤੇ ਜਾਂਦੇ ਵਿਸ਼ਵਾਸ ਦੀ ਗੱਲ ਹੈ | ਉਸ ਨੇ ਕਿਹਾ ਕਿ 'ਆਤਮਾ ਅਤੇ ਪਰਮਾਤਮਾ' ਦਾ ਮਸਲਾ ਵੀ ਲੋਕਾਂ ਦੀ ਸ਼ਰਧਾ 'ਤੇ ਹੀ ਨਿਰਭਰ ਕਰਦਾ ਹੈ |
ਲਲਨ ਨੇ ਕਿਹਾ,''ਜੇ ਤੁਸੀਂ ਮੰਨਦੇ ਹੋ ਤਾਂ ਇਹ ਦੇਵੀ ਹੈ, ਨਹੀਂ ਤਾਂ ਸਿਰਫ਼ ਤੇ ਸਿਰਫ਼ ਪੱਥਰ ਦੀ ਇਕ ਮੂਰਤੀ ਹੈ | ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਦੇਵੀ-ਦੇਵਤਿਆਂ ਨੂੰ ਮੰਨਦੇ ਹਾਂ ਜਾਂ ਨਹੀਂ | ਕਿਸੇ ਸਿਧਾਂਤਕ ਨਤੀਜੇ 'ਤੇ ਪਹੁੰਚਣ ਲਈ ਸਾਨੂੰ ਵਿਗਿਆਨਕ ਆਧਾਰ 'ਤੇ ਸੋਚਣਾ ਪਵੇਗਾ | ਜੇਕਰ ਤੁਸੀਂ ਵਿਸ਼ਵਾਸ ਕਰਨਾ ਛਡਦੇ ਹੋ ਤਾਂ ਤੁਹਾਡੀ ਬੌਧਿਕ ਸਮਰੱਥਾ ਵਧੇਗੀ |''
ਪਾਸਵਾਨ ਨੇ ਅੱਗੇ ਕਿਹਾ,''ਇਹ ਮੰਨਿਆ ਜਾਂਦਾ ਹੈ ਕਿ ਬਜਰੰਗਬਲੀ ਸ਼ਕਤੀ ਦੇ ਦੇਵਤਾ ਹਨ ਅਤੇ ਸ਼ਕਤੀ ਪ੍ਰਦਾਨ ਕਰਦੇ ਹਨ | ਮੁਸਲਮਾਨ ਜਾਂ ਈਸਾਈ ਬਜਰੰਗਬਲੀ ਦੀ ਪੂਜਾ ਨਹੀਂ ਕਰਦੇ ਹਨ ਤਾਂ ਕੀ ਉਹ ਸ਼ਕਤੀਸ਼ਾਲੀ ਨਹੀਂ? ਜਿਸ ਦਿਨ ਤੁਸੀਂ ਵਿਸ਼ਵਾਸ ਕਰਨਾ ਬੰਦ ਕਰ ਦਿਉਗੇ, ਇਹ ਸਭ ਕੁਝ ਖ਼ਤਮ ਹੋ ਜਾਵੇਗਾ |'' ਇਸ ਤੋਂ ਪਹਿਲਾਂ ਪਾਸਵਾਨ ਦਾ ਨਾਂ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਨਾਲ ਹੋਈ ਨਿਜੀ ਗੱਲਬਾਤ ਨੂੰ ਕਥਿਤ ਤੌਰ 'ਤੇ ਲੀਕ ਕਰਨ ਲਈ ਚਰਚਾ 'ਚ ਆ ਚੁਕਿਆ ਹੈ | (ਏਜੰਸੀ)