
ਬਤੌਰ ਗਵਾਹ ਨਵਜੋਤ ਸਿੱਧੂ ਨੂੰ ਕੀਤਾ ਗਿਆ ਸੀ ਤਲਬ
ਲੁਧਿਆਣਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਅਦਾਲਤ ਵਿਚ ਪੇਸ਼ੀ ਮੁਲਤਵੀ ਕਰ ਦਿੱਤੀ ਗਈ ਹੈ। ਅਦਾਲਤ ਵੱਲੋਂ ਸੀ.ਐੱਲ.ਯੂ. ਘੁਟਾਲੇ 'ਚ ਨਵਜੋਤ ਸਿੱਧੂ ਨੂੰ 28 ਅਕਤੂਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਹਨਾਂ ਦਾ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ, ਜਿਸ 'ਚ ਉਹਨਾਂ ਨੂੰ ਅਨਫਿੱਟ ਕਰਾਰ ਦਿੱਤਾ ਡਾਕਟਰਾਂ ਨੇ ਸਿੱਧੂ ਨੂੰ ਇਕ ਦਿਨ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਜੇਲ੍ਹ ਸੁਪਰਡੈਂਟ ਵਲੋਂ ਇਸ ਸੰਬੰਧੀ ਡਾਕਟਰਾਂ ਦਾ ਸਰਟੀਫਿਕੇਟ ਵੀ ਨਾਲ ਨੱਥੀ ਕੀਤਾ ਗਿਆ ਸੀ। ਦੱਸ ਦੇਈਏ ਕਿ ਸਿੱਧੂ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਕੱਲ੍ਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਸਿੱਧੂ ਦੀ ਪੇਸ਼ੀ ਨੂੰ ਲੈ ਕੇ ਅਦਾਲਤ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਦੱਸ ਦੇਈਏ ਕਿ ਸੀਜੇਐਮ ਸੁਮਿਤ ਮੱਕੜ ਦੀ ਅਦਾਲਤ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਸਿੱਧੂ ਨੂੰ ਗਵਾਹ ਵਜੋਂ ਅਦਾਲਤ ਵਿਚ ਤਲਬ ਕੀਤਾ ਹੈ। ਅਦਾਲਤ ਦੀ ਇਸ ਸਖ਼ਤੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਦੇ ਨਾਲ ਹੀ 29 ਸਤੰਬਰ ਨੂੰ ਦਾਇਰ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਅਰਜ਼ੀ ਵਿਚ ਮੁੜ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦਰਜ ਕਰਨ ਦੀ ਮੰਗ ਕੀਤੀ ਗਈ ਹੈ।