
ਸ਼ਹੀਦ ਫ਼ੌਜੀਆਂ ਦੇ ਪਰਵਾਰਕ ਵਾਰਸਾਂ ਨੂੰ 12-12 ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ਵਿਚ ਸਿਆਚਿਨ ਗਲੇਸ਼ੀਅਰ 'ਚ ਦੋ ਦਿਨਾਂ ਪਹਿਲਾਂ ਬਰਫ਼ ਹੇਠ ਦੱਬਣ ਨਾਲ ਤਿੰਨ ਪੰਜਾਬੀ ਫ਼ੌਜੀਆਂ ਦੀ ਦੁਖਦਾਇਕ ਮੌਤ 'ਤੇ ਡੂੰਘਾ ਅਫ਼ਸੋਸ ਜ਼ਾਹਰ ਕੀਤਾ ਹੈ। ਸੋਮਵਾਰ ਨੂੰ ਦੁਨੀਆਂ ਦੇ ਸੱਭ ਤੋਂ ਉਚੇ ਅਤੇ ਔਖੇ ਜੰਗੀ ਸਥਾਨ ਵਿੱਚ ਦੇਸ਼ ਦੀ ਰਾਖੀ ਕਰਦਿਆਂ ਲਾਂਸ ਨਾਇਕ ਮਨਿੰਦਰ ਸਿੰਘ ਵਾਸੀ ਫਤਹਿਗੜ੍ਹ ਚੂੜ੍ਹੀਆ (ਗੁਰਦਾਸਪੁਰ), ਸਿਪਾਹੀ ਵੀਰਪਾਲ ਸਿੰਘ ਵਾਸੀ ਗੁਆਰਾ ਨੇੜੇ ਮਾਲੇਰਕੋਟਲਾ (ਸੰਗਰੂਰ) ਤੇ ਸਿਪਾਹੀ ਡਿੰਪਲ ਕੁਮਾਰ ਵਾਸੀ ਸੈਦਾ ਨੇੜੇ ਹਾਜੀਪੁਰ (ਹੁਸ਼ਿਆਰਪੁਰ) ਦੀ ਬਰਫ਼ ਦੇ ਤੋਦੇ ਡਿੱਗਣ ਕਾਰਨ ਮੌਤ ਹੋ ਗਈ ਸੀ।
Veerpal Singh, Dimpal Kumar, Manish Kumar and Maninder Singh
ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਫ਼ੌਜੀਆਂ ਦੇ ਪਰਵਾਰਾਂ ਦੇ ਨਾਲ ਅਫ਼ਸੋਸ ਪ੍ਰਗਟਾਉਂਦਿਆਂਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਵਿਸ਼ਵਾਸ ਦਿਵਾਉਂਦਿਆਂ ਹਮਦਰਦੀ ਜ਼ਾਹਰ ਕੀਤੀ। ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਦੀ ਨੀਤੀ ਅਨੁਸਾਰ ਹਰ ਸ਼ਹੀਦ ਦੇ ਵਾਰਸ ਨੂੰ 12-12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਹਰ ਸ਼ਹੀਦ ਦੇ ਵਾਰਸ ਜਾਂ ਪਰਵਾਰ ਦੇ ਕਿਸੇ ਹੋਰ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਮੁੰਦਰੀ ਤਲ ਤੋਂ 19000 ਫੁੱਟ ਦੀ ਉਚਾਈ ਵਾਲੇ ਔਖੇ ਤੇ ਹੱਡ ਚੀਰਵੀਂ ਠੰਢ ਵਾਲੇ ਸਿਆਚੀਨ ਗਲੇਸ਼ੀਅਰ 'ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਇਨ੍ਹਾਂ ਜਾਂਬਾਜ਼ ਯੋਧਿਆਂ ਦੀਆਂ ਕੁਰਬਾਨੀਆਂ ਹਮੇਸ਼ਾ ਲਈ ਯਾਦ ਰੱਖੀਆਂ ਜਾਣਗੀਆਂ।