
ਮੌਸਮ ਦੇ ਬਦਲੇ ਮਿਜਾਜ਼ ਕਾਰਨ ਬਿਜਲੀ ਦੀ ਖਪਤ ਵੀ ਘਟ ਕੇ 4167 ਮੈਗਾਵਾਟ 'ਤੇ ਪਹੁੰਚੀ
ਪਟਿਆਲਾ, 20 ਨਵੰਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਇਸ ਵੇਲੇ ਸਰਦੀ ਦੇ ਮੌਸਮ ਨੇ ਅਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਇਸ ਵੇਲੇ ਬਿਜਲੀ ਦੀ ਖਪਤ ਜੋ ਗਰਮੀ ਦੇ ਮਹੀਨੇ ਅੰਦਰ 14000 ਮੈਗਾਵਾਟ ਤਕ ਜਾ ਪਹੁੰਚਦੀ ਹੈ, ਹੁਣ ਮੌਸਮ ਦੇ ਬਦਲੇ ਮਿਜਾਜ਼ ਕਾਰਨ ਬਿਜਲੀ ਦੀ ਮੰਗ ਘਟ ਕੇ 4167 ਮੈਗਾਵਾਟ ਦੇ ਕਰੀਬ ਹੀ ਸਿਮਟ ਕੇ ਰਹਿ ਗਈ ਹੈ।
ਇਸ ਬਿਜਲੀ ਦੀ ਖਪਤ ਲਈ ਕਈ ਖੇਤਰ ਆਪਣਾ ਯੋਗਦਾਨ ਪਾ ਰਹੇ ਹਨ। ਇਸ ਵਿਚੇ ਸੱਭ ਤੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਪਣ ਬਿਜਲੀ ਪ੍ਰਾਜੈਕਟਾਂ ਦਾ ਇਸ ਵੇਲੇ 400 ਮੈਗਾਵਾਟ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਵਿਚ ਰਣਜੀਤ ਸਾਗਰ ਡੈਮ ਤੋਂ ਇਸ ਵੇਲੇ 118 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪ੍ਰਾਜੈਕਟ ਤੋਂ 49 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 154 ਮੈਗਾਵਾਟ ਅਤੇ ਸ਼ਾਨਨ ਪਣ ਬਿਜਲੀਘਰ ਜੋਗਿੰਦਰ ਨਗਰ ਤੋਂ 85 ਮੈਗਾਵਾਟ ਦਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਜੇ ਨਵਿਆਉਣਯੋਗ ਸਰੋਤਾਂ 'ਤੇ ਝਾਤੀ ਮਾਰੀ ਜਾਵੇ ਤਾਂ ਇਸ ਖੇਤਰ ਤੋਂ ਵੀ 94 ਮੈਗਾਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਵਿਚ ਸੌਰ ਊਰਜਾ ਦੇ ਸਰੋਤਾਂ ਤੋਂ 18 ਮੈਗਾਵਾਟ ਅਤੇ ਗ਼ੈਰ ਸੌਰ ਊਰਜਾ ਦੇ ਸਰੋਤਾਂ ਤੋਂ 75 ਮੈਗਾਵਾਟ ਬਿਜਲੀ ਦੀ ਪ੍ਰਾਪਤੀ ਹੋ ਰਹੀ ਹੈ। ਇਸ ਦੇ ਨਾਲ ਹੀ ਭਾਖੜਾ ਦੇ ਪ੍ਰਾਜੈਕਟਾਂ ਅਤੇ ਕੇਂਦਰੀ ਪੂਲ ਤੋਂ ਬਿਜਲੀ ਪ੍ਰਾਪਤ ਕਰ ਕੇ ਪੰਜਾਬ ਦੀ ਬਿਜਲੀ ਦੀ ਮੰਗ ਦੀ ਪੁਰਤੀ ਕੀਤੀ ਜਾ ਰਹੀ ਹੈ।
ਪਣ ਬਿਜਲੀ ਪ੍ਰਾਜੈਕਟਾਂ ਦੇ ਉਤਪਾਦਨ ਅਤੇ ਕੇਂਦਰੀ ਪੂਲ ਤੋਂ ਬਿਜਲੀ ਦੀ ਖ਼ਰੀਦ ਨਾਲ ਕੀਤੀ ਜਾ ਰਹੀ ਹੈ ਬਿਜਲੀ ਮੰਗ ਦੀ ਪੂਰਤੀ