
ਅਸ਼ੋਕ ਗਹਿਲੋਤ ਦੇ ਸਾਰੇ ਮੰਤਰੀਆਂ ਨੇ ਦਿਤਾ ਅਸਤੀਫ਼ਾ
ਜੈਪੁਰ, 20 ਨਵੰਬਰ : ਰਾਜਸਥਾਨ ਦੀ ਗਹਿਲੋਤ ਸਰਕਾਰ ਦੇ ਤਿੰਨ ਮੰਤਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਤਾਜ਼ਾ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹੁਣ ਤਿੰਨਾਂ ਮੰਤਰੀਆਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ। ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਅੱਜ ਦੇਰ ਰਾਤ ਅਸ਼ੋਕ ਗਹਿਲੋਤ ਸੰਪੂਰਨ ਮੰਤਰੀ ਮੰਡਲ ਨੂੰ ਹੀ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਸਵੀਕਾਰ ਕਰਦਿਆਂ ਮੰਤਰੀਆਂ ਨੇ ਅਸਤੀਫ਼ੇ ਦੇ ਦਿਤੇ।
ਇਸ ਤੋਂ ਪਹਿਲਾਂ ਅਸਤੀਫ਼ਾ ਦੇਣ ਵਾਲੇ ਮੰਤਰੀਆਂ ਵਿਚ ਸਿਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ, ਮਾਲ ਮੰਤਰੀ ਹਰੀਸ਼ ਚੌਧਰੀ ਅਤੇ ਸਿਹਤ ਮੰਤਰੀ ਰਘੂ ਸ਼ਰਮਾ ਸ਼ਾਮਲ ਹਨ। ਕਲ ਹੀ ਤਿੰਨਾਂ ਮੰਤਰੀਆਂ ਨੇ ਸੋਨੀਆ ਗਾਂਧੀ ਨੂੰ ਪੱਤਰ ਭੇਜ ਕੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਇਨ੍ਹਾਂ ਸਾਰੇ ਮੰਤਰੀਆਂ ਨੇ ਇਕ ਵਿਅਕਤੀ ਇਕ ਅਹੁਦੇ ਦੇ ਸਿਧਾਂਤ ਕਾਰਨ ਅਸਤੀਫ਼ਾ ਦਿਤਾ ਹੈ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ ਚਾਰ ਵਜੇ ਹੋਵੇਗਾ। ਇਸ ਦੇ ਨਾਲ ਹੀ ਰਾਜਸਥਾਨ ਦੇ ਮੁੱਖ ਮੰਤਰੀ ਨਿਵਾਸ ’ਤੇ ਅਜੇ ਮਾਕਨ ਅਤੇ ਅਸ਼ੋਕ ਗਹਿਲੋਤ ਨੇ ਬੈਠਕ ਕੀਤੀ। ਸੀਐਮ ਅਸ਼ੋਕ ਗਹਿਲੋਤ ਉਦੈਪੁਰ ਦੇ ਦੌਰੇ ’ਤੇ ਸਨ ਪਰ ਕਾਂਗਰਸ ਹਾਈਕਮਾਨ ਦੇ ਹੁਕਮਾਂ ’ਤੇ ਉਨ੍ਹਾਂ ਨੇ ਦੌਰਾ ਰੱਦ ਕਰ ਦਿਤਾ। ਇਸ ਤੋਂ ਬਾਅਦ ਉਨ੍ਹਾਂ ਅੱਜ ਸ਼ਾਮ 5 ਵਜੇ ਅਪਣੀ ਰਿਹਾਇਸ਼ ’ਤੇ ਕੈਬਨਿਟ ਅਤੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ। ਇਸ ਬੈਠਕ ’ਚ ਉਹ ਸਾਰੇ ਮੰਤਰੀਆਂ ਤੋਂ ਅਸਤੀਫ਼ੇ ਮੰਗਿਆ ਜਿਸ ਤੋਂ ਬਾਅਦ ਸਾਰੇ ਮੰਤਰੀਆਂ ਨੇ ਅਸਤੀਫ਼ਾ ਦੇ ਦਿਤਾ। ਇਸ ਤੋਂ ਬਾਅਦ ਗਹਿਲੋਤ ਮੰਤਰੀ ਮੰਡਲ ਦਾ ਪੁਨਰਗਠਨ ਕੀਤਾ ਜਾਵੇਗਾ। (ਏਜੰਸੀ)