
ਮੋਦੀ ਸਰਕਾਰ ਦੀ ਅਕਲ ਤੋਂ ਹੰਕਾਰ ਦਾ ਪਰਦਾ ਹਟਿਆ : ਵਿਧਾਇਕ ਰਜਿੰਦਰ ਸਿੰਘ
ਪੰਜਾਬ ਦੀ ਕਾਂਗਰਸ ਸਰਕਾਰ ਨੇ ਮੋਰਚੇ ’ਚ ਸ਼ਹੀਦ ਹੋਏ ਕਿਸਾਨਾਂ ਦੀ ਆਰਥਕ ਮਦਦ ਤੇ ਨੌਕਰੀਆਂ ਦੇ
ਸਮਾਣਾ, 20 ਨਵੰਬਰ (ਦਲਜਿੰਦਰ ਸਿੰਘ) : ਅੱਜ ਸਾਡੀ ਕਿਸਾਨੀ ’ਤੇ ਪੂਰੇ ਪੰਜਾਬ ਦੇ ਨਾਲ-ਨਾਲ ਸਾਰੇ ਦੇਸ਼ ਵਿਚ ਖ਼ੁਸ਼ੀ ਦੀ ਲਹਿਰ ਹੈ ਕਿ ਕੇਂਦਰ ਦੀ ਬੀ.ਜੇ.ਪੀ. ਸਰਕਾਰ ਜੋ ਬੜੀ ਹੰਕਾਰੀ ਤੇ ਘਮੰਡੀ ਸਰਕਾਰ ਸੀ ਅੱਜ ਇਸ ਸਰਕਾਰ ਦੀ ਅਕਲ ਤੋਂ ਜੋ ਹੰਕਾਰ ਦਾ ਪਰਦਾ ਪਿਆ ਹੋਇਆ ਸੀ ਉਹ ਉਠ ਗਿਆ ਹੈ, ਪੂਰੇ ਇਕ ਸਾਲ ਤੋਂ ਬਾਅਦ ਹਿੰਦੂਸਤਾਨ ਦਾ ਨਹੀਂ ਬਲਕਿ ਸਾਰੀ ਦੁਨੀਆਂ ਦਾ ਵੱਡਾ ਸਘਰਸ਼ ਜੋ ਇਨ੍ਹਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚਲ ਰਿਹਾ ਸੀ, ਦੀ ਵੱਡੀ ਜਿੱਤ ਹੋਈ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਜਿੰਦਰ ਸਿੰਘ ਵਲੋਂ ਅਨਾਜ ਮੰਡੀ ਸਮਾਣਾ ਵਿਖੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਬਾਂਸਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਅਤੇ ਤਿੰਨੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀ ਖ਼ੁਸ਼ੀ ਵਿਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਸਾਂਝੇ ਕੀਤੇ। ਇਸ ਮੌਕੇ ਖ਼ੁਸ਼ੀ ਵਿਚ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਆਤਿਸ਼ਬਾਜੀ ਵੀ ਕੀਤੀ ਗਈ ਤੇ ਲੱਡੂ ਵੀ ਵੰਡੇ ਗਏ। ਉਨ੍ਹਾਂ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਵੇਲੇ ਭਾਜਪਾ ਦੀ ਭਾਈਵਾਲ ਅਕਾਲੀ ਪਾਰਟੀ ਨੇ ਰੱਜ ਕੇ ਇਨ੍ਹਾਂ ਕਾਨੂੰਨਾਂ ਦੀ ਵਕਾਲਤ ਕੀਤੀ ਸੀ, ਜਦੋਂ ਇਹ ਕਾਨੂੰਨ ਪਾਸ ਹੋਏ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਕੇਂਦਰ ’ਚ ਵਜੀਰ ਸੀ, ਜਿਸ ਦੀ ਹਾਜ਼ਰੀ ਵਿਚ ਕੈਬਨਿਟ ’ਚ ਇਹ ਕਾਨੂੰਨ ਪਾਸ ਹੋਏ ਤੇ ਇਨ੍ਹਾਂ ਵਲੋਂ ਇਨ੍ਹਾਂ ਕਾਨੂੰਨਾਂ ਦੀ ਤਾਰੀਫ਼ ’ਚ ਪੁਲ ਬੰਨ੍ਹਦਿਆਂ ਕਿਹਾ ਗਿਆ ਕਿ ਹੁਣ ਮੋਦੀ ਜੀ ਦੀ ਕਿ੍ਰਪਾ ਨਾਲ ਕਿਸਾਨਾਂ ਦੀ ਸੁਣੀ ਗਈ ਹੈ ਤੇ ਇਹ ਕਾਨੂੰਨ ਕਿਸਾਨ ਹਿਤੈਸ਼ੀ ਹਨ ਤੇ ਕਿਸਾਨਾਂ ਵਲੋਂ ਪੰਜ ਵਾਰ ਮੁੱਖ ਮੰਤਰੀ ਬਣਾਏ ਗਏ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਨ੍ਹਾਂ ਕਾਨੂੰਨਾਂ ਦੇ ਰੱਜ ਕੇ ਕਸਿਦੇ ਪੜ੍ਹੇ, ਇਹ ਗੱਲ ਅੱਜ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਤੇ ਇਹ ਸਾਰਾ ਕੁੱਝ ਸ਼ੋਸ਼ਲ ਮੀਡੀਆ ’ਤੇ ਚਲ ਰਿਹਾ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਦੇ ਨਾਲ ਖੜਨ ਦਾ ਸਬੂਤ ਦਿਤਾ ਹੈ ਅਤੇ ਪੰਜਾਬ ਸਰਕਾਰ ਨੇ ਸ਼ਹੀਦ ਹੋਏ ਕਿਸਾਨਾਂ ਦੀ ਆਰਥਕ ਮਦਦ ਦੇ ਨਾਲ-ਨਾਲ ਉਨ੍ਹਾਂ ਦੇ ਪਰਵਾਰਾਂ ਨੂੰ ਨੌਕਰੀਆਂ ਦੇ ਕੇ ਕਿਸਾਨ ਪੱਖੀ ਹੋਣ ਦਾ ਫ਼ਰਜ਼ ਵੀ ਨਿਭਾਇਆ, ਜਦਕਿ ਕਿਸਾਨਾਂ ਦੇ ਲਹੂ ਦੀ ਪਿਆਸੀ ਇਸ ਮੋਦੀ ਸਰਕਾਰ ਨੇ 750 ਤੋਂ ਵੱਧ ਜਾਨਾਂ ਗਵਾ ਚੁਕੇ ਕਿਸਾਨਾਂ ਦੇ ਹੱਕ ’ਚ ਇਕ ਸ਼ਬਦ ਤਕ ਨਹੀਂ ਕਿਹਾ ਤੇ ਹੁਣ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ’ਚ ਅਪਣੀ ਭਲਾਈ ਸਮਝੀ ਹੈ।
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦਮਨ ਸਿੰਘ ਵਿਰਕ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਸੀਨੀਅਰ ਕਾਂਗਰਸੀ ਆਗੂ ਲਾਭ ਸਿੰਘ ਸਿੱਧੂ, ਚੇਅਰਮੈਨ ਤਰਸੇਮ ਸਿੰਘ ਝੰਡੀ, ਪ੍ਰਧਾਨ ਜੀਵਨ ਗਰਗ, ਯਸ਼ਪਾਲ ਸਿੰਗਲਾ, ਅਮਰਜੀਤ ਸਿੰਘ ਟੋਡਰਪੁਰ, ਰਾਜਪਾਲ ਸਿੰਘ ਬੰਮਣਾ, ਬਲਬੀਰ ਵੜੈਚ, ਡਾ. ਰਾਜ ਕੁਮਾਰ ਡਕਾਲਾ, ਯਾਦਵਿੰਦਰ ਸਿੰਘ ਧਨੋਰੀ, ਬਲਾਕ ਸਮੰਤੀ ਮੈਂਬਰ ਗੁਰਦੀਪ ਸਿੰਘ ਧਨੋਰੀ, ਕੌਂਸਲਰ ਯਤਿਨ ਵਰਮਾ, ਰਾਜੂ ਸਚਦੇਵਾ, ਕਸ਼ਮੀਰ ਸਿੰਘ ਰਾਜਲਾ, ਸ਼ੰਕਰ ਜਿੰਦਲ, ਸੁਖਵੀਰ ਸੰਧੂ, ਮੰਗਤ ਮਵੀ, ਟਿੰਕਾ ਗਾਜੇਵਾਸ, ਸ਼ਿਵ ਘੱਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆੜ੍ਹਤੀ ਤੇ ਕਿਸਾਨ ਹਾਜ਼ਰ ਸਨ।