
ਟੈਰਰ ਫ਼ੰਡਿੰਗ ਮਾਮਲੇ ਵਿਚ ਹਰਸ਼ਵੀਰ ਤੋਂ ਪੁਛਗਿਛ 'ਚ ਪੰਜਾਬ ਯੂਨੀਵਰਸਿਟੀ ਦੇ ਕੁੱਝ ਸਾਬਕਾ ਵਿਦਿਆਰਥੀਆਂ ਦੇ ਨਾਂ ਵੀ ਆਏ ਸਾਹਮਣੇ
ਦੋ ਨਾਵਾਂ ਦੀ ਐਸ.ਐਸ.ਓ.ਸੀ ਨੂੰ ਮਿਲੀ ਇਨਪੁੱਟ, ਇਕ ਲਾਰੈਂਸ ਬਿਸ਼ਨੋਈ ਦਾ ਬੇਹੱਦ ਕਰੀਬੀ
ਮੋਹਾਲੀ, 20 ਨਵੰਬਰ (ਸੋਈ): ਟੈਰਰ ਫ਼ੰਡਿੰਗ ਮਾਮਲੇ ਵਿਚ ਗਿ੍ਫਤਾਰ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਹਰਸਵੀਰ ਸਿੰਘ ਬਾਜਵਾ ਨੇ ਪੁਛਗਿਛ ਦੇ ਦੌਰਾਨ ਕਈ ਹੈਰਾਨੀਜਨਕ ਪ੍ਰਗਟਾਵੇ ਕੀਤੇ ਹਨ | ਹਰਸਵੀਰ ਨੇ ਪੁਛਗਿਛ ਵਿਚ ਦਸਿਆ ਕਿ ਟੈਰਰ ਫ਼ੰਡਿੰਗ ਮਾਮਲੇ ਵਿਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਜੁੜੇ ਹੋਏ ਹਨ | ਹਾਲਾਂਕਿ ਸਟੇਟ ਸਪੈਸ਼ਲ ਆਪਰੇਸਨ ਸੈੱਲ (ਐਸ.ਐਸ.ਓ.ਸੀ) ਨੂੰ ਹਰਸਵੀਰ ਨੇ ਦੋ ਵਿਅਕਤੀਆਂ ਦੇ ਨਾਮ ਦੱਸੇ ਹਨ | ਜੋ ਟੈਰਰ ਫ਼ੰਡਿੰਗ ਨਾਲ ਸਬੰਧ ਰੱਖਦੇ ਹਨ | ਪਰ ਐਸ. ਐਸ.ਓ.ਸੀ ਨੇ ਅਜੇ ਤਕ ਇਨ੍ਹਾਂ ਵਿਅਕਤੀਆਂ ਦੇ ਨਾਮ ਦਾ ਪ੍ਰਗਟਾਵਾ ਨਹੀਂ ਕੀਤਾ |
ਸੂਤਰਾਂ ਮੁਤਾਬਕ ਜਿਸ ਵਿਅਕਤੀ ਦਾ ਨਾਮ ਹਰਸਵੀਰ ਨੇ ਦਸਿਆ ਹੈ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਸਾਥੀ ਹੈ ਅਤੇ ਉਸ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਹਾਲ ਵਿਚ ਉਹ ਜਮਾਨਤ ਤੇ ਬਾਹਰ ਆਇਆ ਸੀ | ਪੁਲਿਸ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਉਮੀਦ ਹੈ ਕਿ ਉਸ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਧਰ ਦੂਸਰਾ ਨੌਜਵਾਨ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ ਅਤੇ ਕਾਲਜ ਰਾਜਨੀਤੀ ਵਿਚ ਵੱਡਾ ਨੇਤਾ ਰਹਿ ਚੁੱਕਿਆ ਹੈ | ਹਰਸਵੀਰ ਸਿੰਘ ਨੂੰ ਸੋਮਵਾਰ ਸਵੇਰੇ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ | ਐਸ.ਐਸ.ਓ.ਸੀ ਹਰਸਵੀਰ ਬਾਜਵਾ ਦਾ ਹੋਰ ਪੁਲਿਸ ਰਿਮਾਂਡ ਮੰਗੇਗੀ | ਐਸ.ਐਸ.ਓ.ਸੀ ਦੇ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਜਲਦ ਹੀ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਦੀ ਗਿ੍ਫ਼ਤਾਰੀ ਹੋਵੇਗੀ | ਦਸਣਯੋਗ ਹੈ ਕਿ ਹਰਸਵੀਰ ਸਿੰਘ ਨੂੰ 2 ਦਿਨ ਪਹਿਲਾਂ ਐਸ.ਐਸ.ਓ.ਸੀ ਦੀ ਮੁਹਾਲੀ ਟੀਮ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ | ਹਰਸਵੀਰ ਪੀ.ਯੂ ਕੈਂਪਸ ਸਟੇਟ ਡਿਪਾਰਟਮੈਂਟ ਆਫ਼ ਗਾਂਧੀਅਨ ਸਟੀਡਜ਼ ਵਿਚ ਤੀਜੇ ਸਮੈਸਟਰ ਦਾ ਵਿਦਿਆਰਥੀ ਹੈ | ਮੂਲ ਰੂਪ ਤੋਂ ਸੰਗਰੂਰ ਦਾ ਰਹਿਣ ਵਾਲੇ ਹਰਸਵੀਰ ਸਿੰਘ ਤੇ ਅਲੋਪ ਹੈ ਕਿ ਉਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਕਹੇ ਤੇ ਡੇਰਾ ਪ੍ਰੇਮੀ ਦੇ ਹਤਿਆਰੇ ਮਨਪ੍ਰੀਤ ਸਿੰਘ ਮਨੀ ਦੇ ਖਾਤੇ ਵਿਚ 20 ਰੁਪਏ ਦੀ ਫ਼ੰਡਿਗ ਕੀਤੀ ਸੀ | ਇਹ ਫ਼ੰਡਿੰਗ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੀ ਮੌਤ ਤੋਂ ਪਹਿਲਾਂ 7 ਨਵੰਬਰ ਨੂੰ ਕੀਤੀ ਗਈ ਸੀ | ਹਰਸਵੀਰ ਪੰਜਾਬ ਵਿਚ ਸ਼ਾਰਪ ਸ਼ੂਟਰਾਂ ਨੂੰ ਫ਼ੰਡਿੰਗ ਕਰਦਾ ਸੀ | ਉਹ ਲੰਬੇ ਸਮੇਂ ਤੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਖਵੀਰ ਸਿੰਘ ਲਾਡਾ ਦੇ ਸੰਪਰਕ ਵਿਚ ਸੀ | ਫਰੀਦਕੋਟ ਦੀ ਜੇਲ ਵਿਚ ਬੰਦ ਹਵਾਲਾਤੀ ਹਰਜਿੰਦਰ ਸਿੰਘ ਰਾਜੂ ਨੇ ਗੋਲਡੀ ਬਰਾੜ ਦੇ ਨਾਲ ਮਿਲ ਕੇ ਜੇਲ ਤੋਂ ਹੀ ਡੇਰਾ ਪ੍ਰੇਮੀ ਦੀ ਹਤਿਆ ਦੀ ਸਾਜ਼ਿਸ਼ ਰਚੀ ਗਈ ਸੀ | 10 ਨਵੰਬਰ ਨੂੰ ਕੋਟਕਪੂਰਾ ਦੇ ਹਰੀਨੋ ਰੌਡ ਤੇ ਜੇ ਹਮਲਾਵਰਾਂ ਨੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਕਤਲ ਕੀਤਾ ਸੀ | ਇਸ ਮਾਮਲੇ ਵਿਚ ਪੁਲਿਸ ਵਲੋਂ ਗੈਂਗਸਟਰ ਗੋਲਡੀ ਬਰਾੜ ਸਮੇਤ ਫਰੀਦਕੋਟ ਦੇ ਸੋਸਾਇਟੀ ਨਗਰ ਨਿਵਾਸੀ ਮਨਪ੍ਰੀਤ ਸਿੰਘ ਮਨੀ ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਭੁਪਿੰਦਰ ਸਿੰਘ ਗੋਲਡੀ ਅਤੇ ਮੋਗਾ ਦੇ ਪਿੰਡ ਮੁਨਾਵਾ ਦੇ ਹਰਜਿੰਦਰ ਸਿੰਘ ਰਾਜੂ ਦੇ ਵਿਰੁਧ ਕੇਸ ਦਰਜ ਕੀਤਾ ਗਿਆ ਸੀ |