
ਮੁੱਖ ਮੰਤਰੀ ਨੇ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸ਼ੁਰੂ
ਉਚ ਅਧਿਕਾਰੀਆਂ ਨੂੰ ਗੱਲਬਾਤ ਦੀ ਕੀਤੀ ਹੈ ਹਦਾਇਤ ਪਰ ਕਿਸਾਨ ਮੰਗਾਂ ਦੇ ਲਿਖਤੀ ਹੁਕਮ ਜਾਰੀ ਕਰਵਾਏ ਬਿਨਾਂ ਸੜਕਾਂ ਤੋਂ ਧਰਨੇ ਚੁਕਣ ਲਈ ਨਹੀਂ ਤਿਆਰ
ਚੰਡੀਗੜ੍ਹ, 20 ਨਵੰਬਰ (ਗੁਰਉਪਦੇਸ਼ ਭੁੱਲਰ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਕੁੱਝ ਹੋਰ ਕਿਸਾਨ ਜਥੇਬੰਦੀਆਂ ਵਲੋਂ ਗ਼ੈਰ ਰਾਜਨੀਤਕ ਕਿਸਾਨ ਮੋਰਚੇ ਦੇ ਬੈਨਰ ਹੇਠ ਸੂਬੇ ਵਿਚ ਪੰਜ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਉਪਰ ਲਾਏ ਧਰਨੇ ਪੰਜਵੇਂ ਦਿਨ ਵੀ ਜਾਰੀ ਹਨ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਨ੍ਹਾਂ ਧਰਨਿਆਂ ਨੂੰ ਲੈ ਕੇ ਕੀਤੀਆਂ ਤਿਖੀਆਂ ਟਿਪਣੀਆਂ ਅਤੇ ਅਪੀਲ ਕੀਤੇ ਜਾਣ ਦੇ ਬਾਵਜੂਦ ਮਾਮਲਾ ਨਹੀਂ ਸੁਲਝਿਆ ਅਤੇ ਉਲਟਾ ਪ੍ਰਮੁੱਖ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖ਼ੁਦ ਮਰਨ ਵਰਤ ਉਪਰ ਬੈਠੇ ਹੋਏ ਹਨ |
ਮੁੱਖ ਮੰਤਰੀ ਦੀਆਂ ਕਿਸਾਨ ਜਥੇਬੰਦੀਆਂ ਬਾਰੇ ਕੀਤੀਆਂ ਟਿਪਣੀਆਂ ਦੀ ਜਿਥੇ ਵਿਰੋਧੀ ਪਾਰਟੀਆਂ ਨੇ ਅਲੋਚਨਾ ਕੀਤੀ ਹੈ ਉਥੇ ਬਹੁਤੀਆਂ ਕਿਸਾਨ ਜਥੇਬੰਦੀਆਂ ਵਿਚ ਵੀ ਨਰਾਜ਼ਗੀ ਪੈਦਾ ਹੋਈ ਹੈ | ਸਥਿਤੀ ਨੂੰ ਭਾਂਪਦਿਆਂ ਹੁਣ ਮੁੱਖ ਮੰਤਰੀ ਨੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ | ਸਰਕਾਰ ਦੇ ਅਧਿਕਾਰੀਆਂ ਦੀ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਉਣ ਤੇ ਚਲ ਰਹੇ ਧਰਨੇ ਖ਼ਤਮ ਕਰਵਾਉਣ ਲਈ ਡਿਊਟੀ ਸਰਕਾਰ ਵਲੋਂ ਲਾਈ ਗਈ ਹੈ | ਡੱਲੇਵਾਲ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨਾਲ ਪੁਲਿਸ ਦੇ ਇਕ ਵੱਡੇ ਅਧਿਕਾਰੀ ਨੇ ਸੰਪਰਕ ਕਰ ਕੇ ਮੰਗਾਂ ਦੀ ਜਾਣਕਾਰੀ ਲਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਵਲੋਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿਤੀ ਗਈ ਹੈ ਕਿ ਮਰਨ ਵਰਤ 'ਤੇ ਬੈਠੇ ਡੱਲੇਵਾਲ ਤੇ ਇਕ ਹੋਰ ਕਿਸਾਨ ਆਗੂ ਦੀ ਸਿਹਤ ਦਾ ਪੂਰਾ ਖ਼ਿਆਲ ਰਖਿਆ ਜਾਵੇ | ਡਾਕਟਰੀ ਟੀਮਾਂ ਵੀ ਹੁਣ ਇਸ ਤੋਂ ਬਾਅਦ ਹਰ ਘੰਟੇ ਬਾਅਦ ਮਰਨ ਵਰਤ 'ਤੇ ਬੈਠੇ ਆਗੂਆਂ ਦਾ ਹਰ ਤਰ੍ਹਾਂ ਦਾ ਚੈੱਕਅੱਪ ਕਰ ਰਹੀਆਂ ਹਨ | ਇਸ ਸਮੇਂ ਧਰਨੇ ਅਤੇ ਮਰਨ ਵਰਤ ਉਪਰ ਬੈਠੇ ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁਧ ਕੀਤੀਆਂ ਰੈੱਡ ਐਂਟਰੀਆਂ ਤੇ ਦਰਜ ਮਾਮਲੇ ਰੱਦ ਹੋਣ ਕਿਉਂਕਿ ਸਰਕਾਰ ਨੇ ਖ਼ੁਦ ਗੱਲਬਾਤ ਸਮੇਂ ਕਾਰਵਾਈ ਨਾ ਕਰਨ ਦਾ ਭਰੋਸਾ ਦਿਤਾ ਸੀ | ਸਰਕਾਰ ਨੇ ਮੁਆਵਜ਼ਾ ਵੀ ਨਹੀਂ ਦਿਤਾ ਅਤੇ ਉਲਟਾ ਕਾਰਵਾਈ ਕੀਤੀ ਹੈ |
ਦੂਜੀ ਮੁੱਖ ਮੰਗ ਪਿੰਡਾਂ ਦੀਆਂ ਜੁਮਲਾ ਮੁਸ਼ਤਰਕਾ ਜ਼ਮੀਨਾਂ ਦੀ ਮਾਲਕੀ ਪੰਚਾਇਤਾਂ ਨੂੰ ਦੇਣ ਦੀ ਥਾਂ ਇਨ੍ਹਾਂ ਨੂੰ ਆਬਾਦ ਕਰਨ ਵਾਲੇ ਲੰਬੇ ਸਮੇਂ ਤੋਂ ਬੈਠੇ ਲੋਕਾਂ ਦੇ ਨਾਂ ਕਰਨ ਦੀ ਹੈ | ਇਸ ਤੋਂ ਇਲਾਵਾ ਗੁਲਾਬੀ ਸੁੰਡੀ ਦੇ ਨੁਕਸਾਨ ਦਾ ਬਾਕੀ ਰਹਿੰਦੇ ਸੱਭ ਕਿਸਾਨਾਂ ਨੂੰ ਮੁਆਵਜ਼ਾ ਦੇਣ, ਮੀਂਹ ਤੇ ਗੜੇਮਾਰੀ ਤੇ ਬੀਮਾਰੀ ਨਾਲ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਅਦਾਇਗੀ ਦੀਆਂ ਮੰਗਾਂ ਸ਼ਾਮਲ ਹਨ | ਇਨ੍ਹਾਂ ਮੰਗਾਂ ਬਾਰੇ ਲਿਖਤੀ ਹੁਕਮ ਜਾਰੀ ਹੋਣ ਤਕ ਕਿਸਾਨ ਧਰਨੇ ਜਾਰੀ ਰੱਖਣ 'ਤੇ ਅੜੇ ਹੋਏ ਹਨ | ਹਾਲੇ ਤਕ ਸਰਕਾਰ ਕਿਸਾਨ ਆਗੂਆਂ ਨੂੰ ਮਨਾਉਣ ਵਿਚ ਸਫ਼ਲ ਨਹੀਂ ਹੋਈ |