
ਹਰਿਆਣਾ ਦੀ ਵਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਪੂਰੀ ਤਰ੍ਹਾਂ ਤਰਕਹੀਣ ਤੇ ਬੇਤੁਕੀ : ਜਾਖੜ
ਚੰਡੀਗੜ੍ਹ, 20 ਨਵੰਬਰ (ਭੁੱਲਰ): ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਹਰਿਆਣਾ ਵਲੋਂ ਚੰਡੀਗੜ੍ਹ ਵਿਚ ਵਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਨੂੰ ਪੂਰੀ ਤਰਾਂ ਬੇਤੁਕਾ ਦਸਦਿਆਂ ਪੰਜਾਬ ਦੇ ਹੱਕ ਵਿਚ ਜ਼ੋਰਦਾਰ ਸਟੈਂਡ ਲਿਆ ਹੈ |
ਅੱਜ ਉਨ੍ਹਾਂ ਇਥੇ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਰਾਜਧਾਨੀ ਚੰਡੀਗੜ੍ਹ ਤੇ ਪੰਜਾਬ ਦਾ ਪੂਰਾ ਹੱਕ ਹੈ ਅਤੇ ਇਸ ਸਬੰਧੀ ਕਿਸੇ ਦੇ ਮਨ ਵਿਚ ਕੋਈ ਸ਼ੱਕ ਵੀ ਨਹੀਂ ਹੋਣਾ ਚਾਹੀਦਾ | ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਲੋਂ ਚੰਡੀਗੜ੍ਹ ਵਿਚ ਰਾਜ ਵਿਧਾਨ ਸਭਾ ਲਈ ਥਾਂ ਮੰਗੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੀ ਇਹ ਮੰਗ ਪੂਰੀ ਤਰ੍ਹਾਂ ਤਰਕਹੀਣ ਅਤੇ ਬੇਬੁਨਿਆਦ ਹੈ ਅਤੇ ਇਹ ਮੰਗ ਨਹੀਂ ਕੀਤੀ ਜਾਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਮੈਨੂੰ ਅਜੇ ਤਕ ਇਹ ਸਮਝ ਨਹੀਂ ਆਇਆ ਕਿ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਅਪਣੇ ਹਰਿਆਣਾ ਦੇ ਹਮ ਰੁਤਬਾ ਵਲੋਂ ਹਰਿਆਣਾ ਨੂੰ ਚੰਡੀਗੜ੍ਹ ਵਿਚ ਥਾਂ ਦੇਣ ਦੀ ਮੰਗ ਦਾ ਜਵਾਬ ਦਿੰਦਿਆਂ ਅਜਿਹੀ ਹੀ ਮੰਗ ਪੰਜਾਬ ਲਈ ਕਿਉਂ ਚੁੱਕੀ ਸੀ? ਭਾਜਪਾ ਨੇਤਾ ਕਿਹਾ ਕਿ ਪੰਜਾਬ ਵਿਧਾਨ ਸਭਾ ਲਈ ਅਲੱਗ ਥਾਂ ਦੀ ਮੰਗ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਦੇ ਮੁੱਦਿਆਂ ਬਾਰੇ ਅਪਣੀ ਸਮਝ ਦੀ ਘਾਟ ਨੂੰ ਪ੍ਰਦਰਸ਼ਤ ਕੀਤਾ ਹੈ ਬਲਕਿ ਇਸ ਨਾਲ ਹਰਿਆਣਾ ਦੀ ਗ਼ੈਰ ਜ਼ਰੂਰੀ ਅਤੇ ਤਰਕਹੀਣ ਮੰਗ ਨੂੰ ਵੀ ਬਲ ਮਿਲਿਆ |
ਜਾਖੜ ਨੇ ਅੱਗੇ ਕਿਹਾ ਕਿ ਦੋਹਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਬੈਠਕਾਂ ਦੀ ਸੰਖਿਆ ਨਿਰੰਤਰ ਤੌਰ 'ਤੇ ਘੱਟ ਹੁੰਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਦੋਹਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਸਾਲਾਨਾ ਔਸਤਨ 1516 ਦਿਨ ਦੀਆਂ ਹੀ ਬੈਠਕਾਂ ਕੀਤੀਆਂ ਹਨ | ਇਸ ਨਾਲ ਹੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਲੋਂ ਦਫ਼ਤਰਾਂ ਦੀ ਕਮੀ ਦੇ ਮੁੱਦੇ 'ਤੇ ਜਾਖੜ ਨੇ ਸੁਝਾਅ ਦਿਤਾ ਕਿ ਅੰਤਰ ਰਾਸਟਰੀ ਪ੍ਰਸਿੱਧੀ ਹਾਸਲ ਇਸ ਹੈਰੀਟੇਜ਼ ਇਮਾਰਤ ਵਿਚ ਦੋਨੋਂ ਰਾਜ ਵਾਰੋ ਵਾਰੀ ਵਿਧਾਨ ਸਭਾ ਕਿਉਂ ਨਹੀਂ ਚਲਾ ਲੈਂਦੇ? ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਦੋਹਾਂ ਰਾਜਾਂ ਨੂੰ ਪੂਰੀ ਇਮਾਰਤ ਉਪਲਬੱਧ ਹੋ ਸਕਦੀ ਹੈ | ਕਿਸੇ ਵੀ ਮਹੀਨੇ ਦੇ ਪਹਿਲੇ 15 ਦਿਨ ਇਕ ਰਾਜ ਇਸਤੇਮਾਲ ਕਰ ਲਵੇ ਅਤੇ ਅਗਲੇ 15 ਦਿਨ ਦੂਜਾ ਰਾਜ ਇਸਤੇਮਾਲ ਕਰ ਲਵੇ | ਇਸ ਤਰ੍ਹਾਂ ਨਾਲ ਅਲੱਗ ਕਰਨ ਦੀ ਜ਼ਰੂਰਤ ਹੀ ਨਹੀਂ ਪੈਣ ਜਦਕਿ ਇਸ ਤਰ੍ਹਾਂ ਲੋਕਾਂ ਦੀ ਮੰਗ ਅਨੁਸਾਰ ਜ਼ਿਆਦਾ ਬੈਠਕਾਂ ਵੀ ਹੋ ਸਕਣਗੀਆਂ | ਉਨ੍ਹਾਂ ਕਿਹਾ ਕਿ ਇਸ ਡਿਜੀਟਲ ਅਤੇ ਈਆਫਿਸ ਦੇ ਯੁਗ ਵਿਚ ਦਫ਼ਤਰਾਂ ਲਈ ਸਥਾਨ ਦੀ ਜ਼ਰੂਰਤ ਦੀ ਗੱਲ ਬੇਤੁਕੀ ਹੈ |
ਜਾਖੜ ਨੇ ਇਹ ਵੀ ਸੁਝਾਅ ਦਿਤਾ ਕਿ ਜੇਕਰ ਫਿਰ ਵੀ ਹਰਿਆਣਾ ਸੋਚਦਾ ਹੈ ਕਿ ਉਸ ਦੀ ਅਲੱਗ ਵਿਧਾਨ ਸਭਾ ਦੀ ਜ਼ਰੂਰਤ ਹੈ ਤਾਂ ਉਸ ਨੂੰ ਪੰਚਕੂਲਾ ਵਿਚ ਮਨਸਾ ਦੇਵੀ ਕੰਪਲੈਕਸ ਦੇ ਨਾਲ ਸਥਿਤ ਜ਼ਮੀਨ ਤੇ ਅਪਣੀ ਵਿਧਾਨ ਸਭਾ ਉਸਾਰ ਲੈਣੀ ਚਾਹੀਦੀ ਹੈ ਅਤੇ ਇਹ ਥਾਂ ਵਰਤਮਾਨ ਵਿਧਾਨ ਸਭਾ ਵਾਲੀ ਥਾਂ ਤੋਂ ਹੈ ਵੀ ਨੇੜੇ ਹੀ ਜਦਕਿ ਹਰਿਆਣਾ ਨੇ ਜਿਥੇ ਥਾਂ ਮੰਗੀ ਹੈ ਉਹ ਤਾਂ ਵਰਤਮਾਨ ਸਥਾਨ ਤੋਂ ਹੈ ਵੀ ਦੂਰ |