
ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਧਮਕੀ, ਅਰਵਿੰਦ ਕੇਜਰੀਵਾਲ 'ਤੇ ਟਿਪਣੀ ਨਾ ਕਰਨ ਦੀ ਦਿਤੀ ਚੇਤਵਾਨੀ
ਕਿਹਾ, ਊਧਮ ਸਿੰਘ ਦੀ ਸਹੁੰ ਖਾਂਦਾ ਹਾਂ, ਮਾਰ ਦੇਵਾਂਗਾ
ਨਵੀਂ ਦਿੱਲੀ, 20 ਨਵੰਬਰ : ਗੁਜਰਾਤ ਵਿਧਾਨ ਸਭਾ ਅਤੇ ਦਿੱਲੀ ਐਮਸੀਡੀ ਚੋਣਾਂ ਦਰਮਿਆਨ ਰਵੀ ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਇਸ ਦੇ ਨਾਲ ਹੀ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਟਿਪਣੀ ਨਾ ਕਰਨ ਦੀ ਚੇਤਾਵਨੀ ਵੀ ਦਿਤੀ ਗਈ ਹੈ | ਕੁਮਾਰ ਵਿਸ਼ਵਾਸ ਦੇ ਮੈਨੇਜਰ ਨੇ ਦਸਿਆ ਕਿ ਇਹ ਧਮਕੀ ਈ-ਮੇਲ ਰਾਹੀਂ ਦਿਤੀ ਜਾ ਰਹੀ ਹੈ |
ਕੁਮਾਰ ਵਿਸ਼ਵਾਸ ਦੇ ਮੈਨੇਜਰ ਪ੍ਰਵੀਨ ਪਾਂਡੇ ਨੇ ਦਸਿਆ ਹੈ ਕਿ ਕੁੱਝ ਦਿਨਾਂ ਤੋਂ ਇਕ ਵਿਅਕਤੀ ਵਲੋਂ ਲਗਾਤਾਰ ਈ-ਮੇਲ ਰਾਹੀਂ ਧਮਕੀਆਂ ਮਿਲ ਰਹੀਆਂ ਹਨ | ਈਮੇਲ ਕਰਨ ਵਾਲੇ ਵਿਅਕਤੀ ਨੇ ਭਗਵਾਨ ਰਾਮ ਬਾਰੇ ਅਪਮਾਨਜਨਕ ਗੱਲਾਂ ਕਹੀਆਂ ਤੇ ਭਗਵਾਨ ਦੀ ਮਹਿਮਾ ਨਾ ਕਰਨ ਦੀ ਚੇਤਾਵਨੀ ਦਿਤੀ ਹੈ,ਨਾਲ ਹੀ ਧਮਕੀ ਦੇਣ ਵਾਲੇ ਵਿਅਕਤੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੁਮਾਰ ਵਿਸ਼ਵਾਸ ਤੋਂ ਬਿਹਤਰ ਦਸਦੇ ਹੋਏ ਉਸ 'ਤੇ ਟਿਪਣੀ ਨਾ ਕਰਨ ਦੀ ਚੇਤਾਵਨੀ ਦਿਤੀ ਹੈ | ਪ੍ਰਵੀਨ ਪਾਂਡੇ ਨੇ ਦਸਿਆ ਕਿ ਵਿਅਕਤੀ ਨੇ ਈਮੇਲ 'ਚ ਲਿਖਿਆ ਹੈ, 'ਮੈਂ ਸ਼ਹੀਦ ਊਧਮ ਸਿੰਘ ਦੀ ਸਹੁੰ ਖਾਂਦਾ ਹਾਂ ਕਿ ਮੈਂ ਤੁਹਾਨੂੰ ਮਾਰ ਦਿਆਂਗਾ |'
ਇਸ ਮਾਮਲੇ ਵਿਚ ਕੁਮਾਰ ਵਿਸ਼ਵਾਸ ਦੇ ਦਫ਼ਤਰ ਤੋਂ ਆਈ ਈਮੇਲ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਵਲੋਂ ਮੁਹਈਆ ਕਰਵਾਈ ਗਈ ਸੁਰੱਖਿਆ ਏਜੰਸੀ ਨੂੰ ਵੀ ਦਿਤੀ ਗਈ ਹੈ | ਇਸ ਮਾਮਲੇ 'ਤੇ ਕੁਮਾਰ ਵਿਸ਼ਵਾਸ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ | ਕੁਮਾਰ ਨੇ ਟਵੀਟ ਕੀਤਾ ਹੈ, Tਹੁਣ ਉਹ ਅਤੇ ਉਨ੍ਹਾਂ ਦੇ ਚਿੰਟੂਆਂ ਨੂੰ ਮੇਰੇ ਵਲੋਂ ਮੇਰੇ ਰਾਘਵੇਂਦਰ ਸਰਕਾਰ ਰਾਮ ਦੀ ਵਡਿਆਈ ਕਰਨਾ ਪਸੰਦ ਨਹੀਂ | 'ਮਾਰ ਦਿਆਂਗੇ' ਕਹਿਣਾ ਠੀਕ ਹੈ ਪਰ ਅਪਣੇ ਚਿੰਟੂਆਂ ਨੂੰ ਕਹੋ ਕਿ ਮਰਿਆਦਾ ਪੁਰੋਸ਼ਤਮ ਭਗਵਾਨ ਰਾਮ ਦਾ ਅਪਮਾਨ ਨਾ ਕਰਨ | ਅਪਣਾ ਕੰਮ ਕਰੋ, ਨਹੀਂ ਤਾਂ ਯਾਦ ਰੱਖੋ, ਰਾਵਣ ਤਕ ਦਾ ਵੰਸ਼ ਨਹੀਂ ਬਚਿਆ, ਤੁਸੀਂ ਕਿਹੋ ਜਿਹੇ ਲਵਨਾਸੁਰ ਹੋ? (ਏਜੰਸੀ)