
ਮੀਤ ਹੇਅਰ ਕੋਲ ਸਿਰਫ਼ ਖੇਡ ਵਿਭਾਗ ਹੀ ਰਹਿ ਗਿਆ ਹੈ।
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰ ਦਿੱਤਾ। ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਖਾਣਾਂ ਅਤੇ ਭੂ-ਵਿਗਿਆਨ ਸਮੇਤ ਚਾਰ ਅਹਿਮ ਵਿਭਾਗ ਵਾਪਸ ਲੈ ਲਏ ਗਏ।
ਸਰਕਾਰੀ ਹੁਕਮਾਂ ਅਨੁਸਾਰ ਮੀਤ ਹੇਅਰ ਕੋਲ ਹੁਣ ਸਿਰਫ਼ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਰਹਿ ਗਿਆ ਹੈ। ਹੁਕਮਾਂ ਅਨੁਸਾਰ ਚੇਤਨ ਸਿੰਘ ਜੌੜਾਮਾਜਰਾ ਨੂੰ ਖਾਣਾਂ ਅਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਅਲਾਟ ਕੀਤੇ ਗਏ ਹਨ। ਇਹ ਵਿਭਾਗ ਪਹਿਲਾਂ ਮੀਤ ਹੇਅਰ ਕੋਲ ਸਨ।
ਚੇਤਨ ਸਿੰਘ ਜੌੜਾਮਾਜਰਾ ਕੋਲ ਇਸ ਸਮੇਂ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ, ਬਾਗਬਾਨੀ ਅਤੇ ਸੂਚਨਾ ਅਤੇ ਲੋਕ ਸੰਪਰਕ ਦੇ ਵਿਭਾਗ ਹਨ। ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਹੁਣ ਮੁੱਖ ਮੰਤਰੀ ਦੁਆਰਾ ਦੇਖੇ ਜਾਣਗੇ। ਇਹ ਵਿਭਾਗ ਪਹਿਲਾਂ ਮੀਤ ਹੇਅਰ ਕੋਲ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ਵਿਚ ਮੁੱਖ ਮੰਤਰੀ ਮਾਨ ਨੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਸੀ।