ਦਿੱਲੀ ਹਵਾਈ ਅੱਡੇ ਉਤੇ ਕੈਨੇਡਾ ਜਾਣ ਲਈ ਪਹੁੰਚੇ ਸਨ ਬਲਵਿੰਦਰ ਕੌਰ
ਨਵੀਂ ਦਿੱਲੀ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਹਵਾਈ ਅੱਡੇ ਉਤੇ ਕੈਨੇਡਾ ਜਾਣ ਤੋਂ ਰੋਕ ਦਿਤਾ ਗਿਆ। ਉਹ ਸ਼ੁਕਰਵਾਰ ਸ਼ਾਮ 3:30 ਵਜੇ ਦੀ ਉਡਾਣ ਰਾਹੀਂ ਕੈਨੇਡਾ ਜਾਣ ਵਾਲੇ ਸਨ, ਜਿੱਥੇ ਉਨ੍ਹਾਂ ਦੀ ਧੀ ਨੇ ਹਾਲ ਹੀ ਵਿਚ ਪੁੱਤਰ ਨੂੰ ਜਨਮ ਦਿਤਾ ਹੈ। ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇਹਾਤ ਪੁਲਿਸ ਨੇ ਬਲਵਿੰਦਰ ਕੌਰ ਵਿਰੁਧ ‘ਲੁੱਕ ਆਉਟ ਸਰਕੂਲਰ’ (ਐਲ.ਓ.ਸੀ.) ਜਾਰੀ ਕਰਵਾਇਆ ਹੋਇਆ ਸੀ, ਜਿਸ ਕਰਕੇ ਇਮੀਗ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਰੋਕ ਲਿਆ ਗਿਆ।
ਉਹ ਦੁਪਹਿਰ 12 ਵਜੇ ਹਵਾਈ ਅੱਡੇ ਪਹੁੰਚੇ ਸਨ। ਬਲਵਿੰਦਰ ਕੌਰ ਕੋਲ ਦਸ ਸਾਲ ਦਾ ਵੀਜ਼ਾ ਹੈ ਅਤੇ ਉਹ ਇਸੇ ਵੀਜ਼ੇ ਉਤੇ ਯਾਤਰਾ ਕਰਨ ਲਈ ਦਿੱਲੀ ਪਹੁੰਚੇ ਸਨ, ਪਰ ਜਾਂਚ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਐਲ.ਓ.ਸੀ. ਹੋਣ ਕਾਰਨ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ।
ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡੇ ਉਤੇ ਰੋਕਿਆ ਗਿਆ ਅਤੇ ਪਰੇਸ਼ਾਨ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ, ਪਰ ਉਸ ਦੇ ਵਿਰੁਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕੋਲ ਚਾਰ ਸਾਲਾਂ ਦਾ ਵੀਜ਼ਾ ਹੈ ਅਤੇ ਦੁਪਹਿਰ 3:30 ਵਜੇ ਉਹ ਦੁਬਈ ਲਈ ਉਡਾਣ ਭਰਨ ਵਾਲੇ ਸਨ।
ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁਧ ਕੋਈ ਕੇਸ ਦਰਜ ਨਹੀਂ, ਇਸ ਲਈ ਉਨ੍ਹਾਂ ਨੂੰ ਰੋਕਣਾ ਗਲਤ ਹੈ। ਇਸ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅਤੇ ਪਿਤਾ ਤਰਸੇਮ ਸਿੰਘ ਨੂੰ ਏਅਰਪੋਰਟ ’ਤੇ ਰੋਕਿਆ ਜਾ ਚੁੱਕਾ ਹੈ। ਯਾਦ ਰਹੇ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ ਅਤੇ ਉਸ ਉੱਤੇ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਸਾਜ਼ਸ਼ ਦੇ ਗੰਭੀਰ ਦੋਸ਼ ਹਨ। ਜੇਲ ਵਿਚ ਰਹਿੰਦਿਆਂ ਹੀ ਉਸ ਨੇ ਚੋਣ ਲੜ ਕੇ ਸੰਸਦ ਮੈਂਬਰ ਚੋਣ ਜਿੱਤੀ ਸੀ।
