
ਚੋਰਾਂ ਵਲੋਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਆਈ ਹੈ। ਲੱਦੇਵਾਲੀ ਵਿਚ ਚੋਰਾਂ ਵਲੋਂ ਦਿਨ-ਦਿਹਾੜੇ ਇਕ ਘਰ ਨੂੰ ਲੁੱਟ...
ਜਲੰਧਰ (ਸਸਸ) : ਚੋਰਾਂ ਵਲੋਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਆਈ ਹੈ। ਲੱਦੇਵਾਲੀ ਵਿਚ ਚੋਰਾਂ ਵਲੋਂ ਦਿਨ-ਦਿਹਾੜੇ ਇਕ ਘਰ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤੋਸ਼ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਲੱਦੇਵਾਲੀ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਭਾਰਤ ਆਏ ਹਨ ਅਤੇ ਅੱਜ ਸਵੇਰੇ ਲਗਭੱਗ 8 ਵਜੇ ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਈ.ਐਸ.ਆਈ ਹਸਪਤਾਲ ਜਲੰਧਰ ਗਏ ਹੋਏ ਸਨ।
ਉਸ ਦੌਰਾਨ ਉਨ੍ਹਾਂ ਨੂੰ ਗੁਆਂਢੀਆਂ ਨੇ ਫ਼ੋਨ ਕਰਕੇ ਸੂਚਨਾ ਦਿਤੀ ਕਿ ਤੁਹਾਡੇ ਘਰ ਵਿਚ ਚੋਰੀ ਹੋ ਗਈ ਹੈ। ਘਰ ਪਹੁੰਚ ਕੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਰਸੋਈ ਦੀ ਖਿੜਕੀ ਦੀ ਗਰਿੱਲ ਟੁੱਟੀ ਹੋਈ ਸੀ ਤੇ ਘਰ ਵਿਚੋਂ 1 ਹਜ਼ਾਰ ਆਸਟਰੇਲੀਅਨ ਡਾਲਰ, ਸੋਨੇ ਦੇ ਗਹਿਣੇ, 35 ਹਜ਼ਾਰ ਭਾਰਤੀ ਕਰੰਸੀ, ਦੋ ਟੋਪਸ ਦੀਆਂ ਜੋੜੀਆਂ ਅਤੇ ਇਕ ਚੈਨ ਚੋਰੀ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਥਾਣਾ ਰਾਮਾਮੰਡੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਲੁਟੇਰਿਆਂ ਵਲੋਂ ਦਿਨ ਦਿਹਾੜੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦਿਤਾ ਜਾ ਰਿਹਾ ਹੈ। ਹਰ ਰੋਜ਼ ਲਗਭੱਗ 4-5 ਅਜਿਹੇ ਮਾਮਲੇ ਵੇਖਣ ਵਿਚ ਆ ਰਹੇ ਹਨ। ਇਨ੍ਹਾਂ ਵਾਰਦਾਤਾਂ ਨੂੰ ਸੁਣ ਕੇ ਇੰਜ ਲੱਗਦਾ ਹੈ ਕਿ ਜਿਵੇਂ ਬਦਮਾਸ਼ਾਂ ਦੇ ਦਿਲ ਅਤੇ ਦਿਮਾਗ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਰਾਏਕੋਟ ਵਿਚ ਚੋਰਾਂ ਨੇ ਸਵੇਰੇ ਲਗਭੱਗ 3:30 ਵਜੇ ਸ਼ਹਿਰ ਤੋਂ ਬਾਹਰ ਬਰਨਾਲਾ ਰੋਡ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਸਕੂਲ ਦੇ ਦਫ਼ਤਰ 'ਚੋਂ ਦੋ ਲੱਖ ਦੀ ਨਕਦੀ ਲੁੱਟ ਲਈ
ਅਤੇ ਜਾਂਦੇ ਸਮੇਂ ਸਕੂਲ ਦੇ ਚੌਕੀਦਾਰ ਦਾ ਮੋਟਰਸਾਈਕਲ ਵੀ ਨਾਲ ਲੈ ਗਏ। ਘਟਨਾਂ ਸਬੰਧੀ ਸਕੂਲ ਦੀ ਪ੍ਰਿੰਸੀਪਲ ਸਿਸਟਰ ਅੰਜ਼ਨਾਂ ਨੇ ਪੁਲਿਸ ਨੂੰ ਲਿਖਵਾਏ ਬਿਆਨ 'ਚ ਦਸਿਆ ਕਿ ਸਕੂਲ ਦੇ ਚੌਂਕੀਦਾਰ ਸਾਧੂ ਸਿੰਘ ਵਾਸੀ ਮਾਣੂੰਕੇ ਮੁਤਾਬਕ ਸਵੇਰੇ 3:30 ਦੇ ਕਰੀਬ ਬੰਦੂਕ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ 8-10 ਵਿਅਕਤੀ ਗਲੀ ਵਾਲੀ ਸਾਇਡ ਤੋਂ ਕੰਧ ਟੱਪ ਕੇ ਸਕੂਲ ਅੰਦਰ ਦਾਖ਼ਲ ਹੋਏ ਅਤੇ ਚੌਕੀਦਾਰ ਸਾਧੂ ਸਿੰਘ ਨੂੰ ਬੰਦੂਕ ਦੀ ਨੋਕ 'ਤੇ ਲੈ ਕੇ ਉਸ ਦੇ ਹੱਥ ਅਤੇ ਮੂੰਹ ਬੰਨ੍ਹ ਦਿਤਾ।
ਇਸ ਤੋਂ ਬਾਅਦ ਉਹ ਰਿਸੈਪਸ਼ਨ ਰੂਮ ਦਾ ਗੇਟ ਤੋੜ ਕੇ ਉਸ ਦੇ ਨਾਲ ਬਣੇ ਕੈਸ਼ ਰੂਮ 'ਚ ਦਾਖ਼ਲ ਹੋਏ ਅਤੇ ਉਥੇ ਪਈ ਅਲਮਾਰੀ ਅਤੇ ਸੇਫ਼ ਤੋੜ ਕੇ 2 ਲੱਖ ਤੋਂ ਵਧੇਰੇ ਦੀ ਨਕਦੀ ਲੁੱਟ ਕੇ ਲੈ ਗਏ ਅਤੇ ਪ੍ਰਿੰਸੀਪਲ ਦਫ਼ਤਰ ਸਣੇ ਹੋਰ ਕਮਰਿਆਂ ਦੀ ਫਰੋਲਾ ਫਰਾਲੀ ਵੀ ਕੀਤੀ ਅਤੇ ਜਾਂਦੇ ਸਮੇਂ ਉਕਤ ਚੋਰ ਚੌਕੀਦਾਰ ਸਾਧੂ ਸਿੰਘ ਦਾ ਮੋਟਰਸਾਈਕਲ ਵੀ ਨਾਲ ਲੈ ਗਏ। ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਸਕੂਲ 'ਚ ਪੁੱਜੇ ਸਕੂਲ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ।