
ਜ਼ਮੀਨੀ ਵਿਵਾਦ ਦੇ ਚਲਦੇ 2 ਭਰਾਵਾਂ ਵਲੋਂ ਇਕ ਕਿਸਾਨ ਦਾ ਕਤਲ ਕਰਨ ‘ਤੇ ਦੋਵਾਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ...
ਗੁਰਦਾਸਪੁਰ (ਸਸਸ) : ਜ਼ਮੀਨੀ ਵਿਵਾਦ ਦੇ ਚਲਦੇ 2 ਭਰਾਵਾਂ ਵਲੋਂ ਇਕ ਕਿਸਾਨ ਦਾ ਕਤਲ ਕਰਨ ‘ਤੇ ਦੋਵਾਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਡਾ. ਰਾਮ ਕੁਮਾਰ ਸਿੰਗਲਾ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ 25-25 ਹਜ਼ਾਰ ਰੁਪਏ ਜ਼ੁਰਮਾਨਾ ਦੇਣ ਦਾ ਹੁਕਮ ਵੀ ਸੁਣਾਇਆ ਹੈ। ਜ਼ੁਰਮਾਨਾ ਭੁਗਤਾਨ ਨਾ ਕਰਨ ‘ਤੇ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਸਜ਼ਾ ਵਧੇਰੇ ਕੱਟਣੀ ਹੋਵੇਗੀ।
ਜਾਣਕਾਰੀ ਦੇ ਮੁਤਾਬਕ, ਸ਼ਿਕਾਇਤਕਰਤਾ ਸਤਬੀਰ ਸਿੰਘ ਨਿਵਾਸੀ ਪਿੰਡ ਮਿਰਜਾਨ ਤਹਿਸੀਲ ਬਟਾਲਾ ਵਲੋਂ 16-11-2017 ਨੂੰ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦੱਸਿਆ ਗਿਆ ਸੀ ਕਿ ਉਸ ਦਾ ਪਿਤਾ ਗੁਰਭਜਨ ਸਿੰਘ ਭੂਮੀ ਸੁਧਾਰ ਵਿਭਾਗ ਤੋਂ ਰਿਟਾਇਰ ਕਰਮਚਾਰੀ ਹੈ ਅਤੇ ਉਸ ਦੇ ਨਾਲ ਖੇਤੀਬਾੜੀ ਵਿਚ ਹੱਥ ਵੰਡਾਉਂਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਅਜੀਤ ਸਿੰਘ ਪੁੱਤਰ ਗੰਗਾ ਸਿੰਘ ਨਿਵਾਸੀ ਮਿਰਜਾਨ ਤੋਂ ਲਗਭੱਗ 20 ਸਾਲ ਪਹਿਲਾਂ 9 ਕਨਾਲਾਂ 3 ਮਰਲੇ ਜ਼ਮੀਨ ਖ਼ਰੀਦੀ ਸੀ ਅਤੇ ਇੰਤਕਾਲ ਤੇ ਗਿਰਦਾਵਰੀ ਉਸ ਦੇ ਪਿਤਾ ਦੇ ਨਾਮ ਸੀ
ਪਰ ਇਸ ਜ਼ਮੀਨ ਸਬੰਧੀ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਹੈਪੀ ਅਤੇ ਨਿਸ਼ਾਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨਿਵਾਸੀ ਪਿੰਡ ਮਿਰਜਾਨ ਨਾਲ ਅਦਾਲਤ ਵਿਚ ਕੇਸ਼ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ 16.11.2017 ਨੂੰ ਉਹ ਅਪਣੇ ਚਾਚੇ ਗੁਰਮੀਤ ਸਿੰਘ ਨਾਲ ਖੇਤਾਂ ਵਿਚ ਕਣਕ ਦੀ ਬਿਜਾਈ ਕਰ ਰਿਹਾ ਸੀ ਅਤੇ ਉਸ ਦਾ ਪਿਤਾ ਟਰੈਕਟਰ ਚਲਾ ਰਿਹਾ ਸੀ। ਇਸ ਦੌਰਾਨ ਦੋਸ਼ੀ ਨਿਸ਼ਾਨ ਸਿੰਘ ਅਤੇ ਸੁਖਵਿੰਦਰ ਸਿੰਘ ਬੇਸਬਾਲ ਅਤੇ ਹੋਰ ਹਥਿਆਰ ਲੈ ਕੇ ਆਏ ਅਤੇ ਉਸ ਦੇ ਪਿਤਾ ਗੁਰਭਜਨ ਸਿੰਘ ‘ਤੇ ਹਮਲਾ ਕਰ ਦਿਤਾ
ਜਿਸ ਨਾਲ ਉਸ ਦਾ ਪਿਤਾ ਬੇਹੋਸ਼ ਹੋ ਗਿਆ। ਉਨ੍ਹਾਂ ਵਲੋਂ ਰੌਲਾ ਪਾਉਣ ‘ਤੇ ਦੋਸ਼ੀ ਅਪਣੇ ਹਥਿਆਰਾਂ ਸਮੇਤ ਉਥੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਜ਼ਖ਼ਮੀ ਗੁਰਭਜਨ ਸਿੰਘ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਇਸ ਮਾਮਲੇ ਦੀ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਵਿਚ ਦੋਸ਼ੀਆਂ ਦੇ ਵਿਰੁਧ ਐਫ਼.ਆਈ.ਆਰ ਧਾਰਾ 302 ਅਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਗਵਾਹੀਆਂ ਤੇ ਦਲੀਲਾਂ ਸੁਣਨ ਤੋਂ ਬਾਅਦ ਉਕਤ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 25-25 ਹਜ਼ਾਰ ਰੁਪਏ ਦਾ ਜ਼ੁਰਮਾਨ ਭੁਗਤਾਨ ਕਰਨ ਦਾ ਵੀ ਹੁਕਮ ਸੁਣਾਇਆ ਹੈ।