
ਬਿਹਾਰ ਦੇ ਖੇਤੀਬਾੜੀ ਮੰਤਰੀ ਦੇ ਵਿਗੜੇ ਬੋਲ
ਕਿਹਾ, ਮੁੱਠੀ ਭਰ ਦਲਾਲ ਕਿਸਾਨ ਬਣ ਕੇ ਕਰ ਰਹੇ ਨੇ ਅੰਦੋਲਨ
ਪਟਨਾ, 20 ਦਸੰਬਰ: ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਬਿਹਾਰ ਦੇ ਖੇਤੀਬਾੜੀ ਮੰਤਰੀ ਅਮਰਿੰਦਰ ਪ੍ਰਤਾਪ ਸਿੰਘ ਨੇ ਵਿਵਾਦਤ ਬਿਆਨ ਦਿਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਵੈਸ਼ਾਲੀ ਦੇ ਸੋਨਪੁਰ ਵਿਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਠੀ ਭਰ ਦਲਾਲ, ਕਿਸਾਨ ਬਣ ਕੇ ਦਿੱਲੀ ਵਿਚ ਅੰਦੋਲਨ ਕਰ ਰਹੇ ਹਨ।
ਅਮਰਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੀ ਕਿਸਾਨ ਸਿਰਫ਼ ਦਿੱਲੀ ਤੇ ਹਰਿਆਣਾ ਬਾਰਡਰ ’ਤੇ ਹੀ ਹਨ? ਇਸ ਦੇਸ਼ ਵਿਚ 5.5 ਲੱਖ ਪਿੰਡ ਹਨ। ਕਿਸ ਪਿੰਡ ਦਾ ਕਿਸਾਨ ਅੰਦੋਲਨ ਕਰ ਰਿਹਾ ਹੈ? ਕੀ ਬਿਹਾਰ ਦੇ ਕਿਸਾਨ ਅੰਦੋਲਨ ਕਰ ਰਹੇ ਹਨ? 5 ਲੱਖ ਪਿੰਡਾਂ ਦੇ ਕਿਸਾਨਾਂ ਨੂੰ ਕੋਈ ਮਤਲਬ ਨਹÄ, ਉਹ ਸਭ ਬੋਲ ਰਹੇ ਹਨ ਕਿ ਖੇਤੀ ਕਾਨੂੰਨ ਉਹਨਾਂ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮੁੱਠੀ ਭਰ ਦਲਾਲ, ਕਿਸਾਨ ਬਣ ਕੇ ਅੰਦੋਲਨ ਕਰ ਰਹੇ ਹਨ ਤੇ ਮੀਡੀਆ ਉਸ ਦਾ ਨੋਟਿਸ ਲੈ ਰਿਹਾ ਹੈ। ਜੇ ਵਾਕਈ ਵਿਚ ਕਿਸਾਨਾਂ ਦਾ ਅੰਦੋਲਨ ਹੁੰਦਾ ਤਾਂ ਪੂਰੇ ਭਾਰਤ ਵਿਚ ਅੱਗ ਲੱਗੀ ਹੋਣੀ ਸੀ। ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਹਨ। ਸੰਘਰਸ਼ ਵਿਚ ਪੰਜਾਬ-ਹਰਿਆਣਾ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼, ਗੁਰਜਾਰ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਤੋਂ ਵੀ ਕਿਸਾਨ ਸ਼ਾਮਲ ਹੋ ਰਹੇ ਹਨ। (ਏਜੰਸੀ)