
ਚੰਨੀ ਨੇ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਦਿਤੀ ਵਧਾਈ
ਚੰਡੀਗੜ੍ਹ, 20 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਸੰਬਰ, 2020 ਵਿਚ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਆਨਲਾਈਨ ਮਿਲਣੀ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਰੁਜ਼ਗਾਰ ਉੱਤਪਤੀ ਅਤੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਮ.ਐਨ.ਸੀਜ਼ ਵਿਚ ਵਿਦਿਆਰਥੀਆਂ ਦੀ ਸਫ਼ਲ ਚੋਣ ਲਈ ਉਨ੍ਹਾਂ ਨੂੰ ਵਧਾਈ ਦਿਤੀ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨ ਅਤੇ ਪੰਜਾਬ ਦੇ ਹੋਰਨਾਂ ਨੌਜਵਾਨਾਂ ਲਈ ਰੋਲ ਮਾਡਲ ਬਣਨ। ਇਸ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਥੀਆਂ ਨੇ ਸਮਾਗਮ ਵਿਚ ਆਨਲਾਈਨ ਭਾਗ ਲਿਆ, ਜਿਨ੍ਹਾਂ ਨੇ ਨੌਜਵਾਨਾਂ ਵਾਸਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਆਨਲਾਈਨ ਢੰਗ ਨਾਲ ਨੌਕਰੀ ਮੇਲਾ ਆਯੋਜਿਤ ਕਰਨ ਵਾਸਤੇ ਪੰਜਾਬ ਸਰਕਾਰ ਦਾ ਧਨਵਾਦ ਕੀਤਾ ਅਤੇ ਅਪਣੀ ਖ਼ੁਸ਼ੀ ਜ਼ਾਹਰ ਕੀਤੀ।
ਚੋਟੀ ਦੀਆਂ ਬਹੁ ਕੌਮੀ ਕੰਪਨੀਆਂ (ਐਮ.ਐਨ.ਸੀਜ਼) ਜਿਨ੍ਹਾਂ ਵਿਚ ਮਾਈਕ੍ਰੋਸਾਫ਼ਟ, ਐਚ.ਸੀ.ਐਲ. ਅਤੇ ਬਾਇਜੂਜ਼ ਆਦਿ ਸ਼ਾਮਲ ਹਨ, ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕੋਵਿਡ-19 ਦੇ ਚਲਦਿਆਂ ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵਲੋਂ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਇਨ੍ਹਾਂ ਬਹੁ ਕੌਮੀ ਕੰਪਨੀਆਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਸ ਨੌਕਰੀ ਮੇਲੇ ਵਿਚ 3.5 ਲੱਖ ਰੁਪਏ ਸਾਲਾਨਾ ਤੋਂ 12 ਲੱਖ ਰੁਪਏ ਸਾਲਾਨਾ ਦੇ ਸੈਲਰੀ ਪੈਕੇਜ਼ ਲਈ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।
image