
ਕਿਸਾਨਾਂ ਨੂੰ ਅਤਿਵਾਦੀ ਕਹਿਣ ਵਾਲਿਆਂ ਨੂੰ ਪਰਮਜੀਤ ਸਿੰਘ ਸਰਨਾ ਨੇ ਮਾਰੀ ਲਲਕਾਰ
ਨਵੀਂ ਦਿੱਲੀ, 20 ਦਸੰਬਰ (ਅਰਪਣ ਕੌਰ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੀ ਪੱਤਰਕਾਰ ਵਲੋਂ ਦਿੱਲੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਗੱਲਬਾਤ ਕੀਤੀ ਗਈ। ਪਰਮਜੀਤ ਸਿੰਘ ਸਰਨਾ ਨੇ ਗੱਲਬਾਤ ਦੌਰਾਨ ਦਸਿਆ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਇਹ ਖ਼ਾਲਿਸਤਾਨੀ ਹਨ, ਨਕਸਲਵਾਦੀ ਹਨ ਪਰ 23 ਦਿਨ ਹੋ ਗਏ ਮੈਨੂੰ ਤਾਂ ਇਨ੍ਹਾਂ ਵਿਚੋਂ ਕੋਈ ਐਂਟੀਨੈਸ਼ਨਲ ਬੰਦਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਅਪਣੀਆਂ ਮੰਗਾਂ ਲਈ ਬੈਠੇ ਹਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਰੋਜ਼ ਮਿਲਦਾ ਹਾਂ, ਉਨ੍ਹਾਂ ਦੇ ਚਿਹਰੇ ’ਤੇ ਕੋਈ ਵੀ ਉਦਾਸੀ ਨਹੀਂ, ਉਹਨਾਂ ਦੇ ਹੌਸਲਿਆਂ ਤੋਂ ਲਗਦਾ ਹੀ ਨਹੀਂ ਕਿ ਉਨ੍ਹਾਂ ਨੂੰ ਧਰਨਿਆਂ ਤੇ ਬੈਠਿਆਂ ਨੂੰ 3 ਮਹੀਨੇ ਹੋ ਗਏ ਹਨ। ਕਿਸਾਨਾਂ ਨੂੰ ਦਿੱਲੀ ਦੇ ਲੋਕਾਂ ਵਲੋਂ ਪੂਰਾ ਸਮਰਥਨ ਮਿਲ ਰਿਹਾ ਹੈ ਇਸ ਨਾਲ ਇਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ, ਉਨ੍ਹਾਂ ਕਿਹਾ ਕਿ ਅੰਦੋਲਨ ਉਹੀ ਕਾਮਯਾਬ ਹੁੰਦਾ ਜੇ ਅੰਦੋਲਨ ਨੂੰ ਬਾਹਰ ਦੇ ਲੋਕ ਅਪਣਾ ਸਹਿਯੋਗ ਦੇਣ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਹੱਕ ਵਿਚ ਪੰਜਾਬ ਦਾ ਬੱਚਾ ਬੱਚਾ ਵੇਖਿਆ ਹੈ। ਮੈਂ ਬਹੁਤ ਸਾਰੀਆਂ ਸੰਗਠਨ, ਸੰਸਥਾਵਾਂ, ਧਾਰਮਕ ਆਗੂ ਵੇਖੇ ਹਨ ਜਿਹੜੇ ਅਪਣਾ ਫ਼ਰਜ਼ ਸਮਝਦੇ ਹਨ ਕਿ ਅਸੀਂ ਵੀ ਉਨ੍ਹਾਂ ਨੂੰ ਅਪਣਾ ਸਾਥ ਦਈਏ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਬੱਚੇ, ਅਧਿਆਪਕ, ਪ੍ਰਿੰਸੀਪਲ ਸਾਰੇ ਕਿਸਾਨਾਂ ਦੇ ਹੱਕ ਵਿਚ ਦਿੱਲੀ ਆਏ ਹੋਏ ਹਨ। ਇਹ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਪੰਜਾਬ ਦੇ ਲੋਕਾਂ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਸਾਨੂੰ ਜਿੰਨੀ ਮਰਜ਼ੀ ਤਕਲੀਫ਼ ਹੋਵੇ ਪਰ ਅਸੀਂ ਘਰਾਂ ਤੋਂ ਬਾਹਰ ਨਿਕਲ ਕੇ ਉਨ੍ਹਾਂ ਦਾ ਸਾਥ ਦੇਵਾਂਗੇ, ਅਪਣਾ ਫ਼ਰਜ਼ ਪੂਰਾ ਕਰਾਂਗੇ। ਸਰਨਾ ਨੇ ਕਿਹਾ ਕਿ ਇਹ ਇਕੱਲਾ ਕਿਸਾਨ ਅੰਦੋਲਨ ਨਹੀਂ ਹੈ ਇਸ ਨਾਲ ਸਾਡੀਆਂ ਸਰਹੱਦਾਂ ਦੀ ਰਾਖੀ ਜੁੜੀ ਹੋਈ ਹੈ, ਵਪਾਰੀਆਂ ਦੇ ਪੁੱਤ ਨਹੀਂ ਸਰਹੱਦਾਂ ਦੀ ਰਾਖੀ ਕਰਦੇ ਸਾਡੇ ਕਿਸਾਨਾਂ ਦੇ 95% ਪੁੱਤ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹਨ। ਉਨ੍ਹਾਂ ਮੋਦੀ ਸਰਾਕਾਰ ਨੂੰ ਵੀ ਅਪੀਲ ਕੀਤੀ ਹੈ ਕਿਸਾਨਾਂ ਨਾਲ ਜ਼ਿੱਦ ਨਾ ਕਰਨ ਜੇ ਕਿਸਾਨਾਂ ਨਾਲ ਜ਼ਿੱਦ ਕਰੋਗੇ ਤਾਂ ਹਾਰ ਹੀ ਹੋਣੀ ਹੈ।