ਤਿੰਨ ਦਿਨ ਦਾ ਮਿਲਿਆ ਰਿਮਾਂਡ
ਫ਼ਰੀਦਕੋਟ (ਗੁਰਿੰਦਰ ਸਿੰਘ) : ਦੇਸ਼ ਵਿਦੇਸ਼ ਵਿਚ ਪਤਨੀ ਵਲੋਂ ਪਤੀ ਦਾ ਕਤਲ ਕਰਵਾਏ ਜਾਣ ਦੀ ਚਰਚਾ ਦਾ ਵਿਸ਼ਾ ਬਣੀ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਦੀ ਘਟਨਾ ਵਿਚ ਪੁਲਿਸ ਨੇ ਮੁਲਜ਼ਮ ਪਤਨੀ ਦੀ ਸਹੇਲੀ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਨੂੰ ਪਤੀ ਦੇ ਕਤਲ ਕਾਂਡ ਦੀ ਸਾਜ਼ਸ਼ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ।
ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਸੰਧੂ ਦੇ ਕਤਲ ਕਾਂਡ ਦੇ ਸਬੰਧ ਵਿੱਚ ਪੁਲਿਸ ਨੇ ਹੁਣ ਤਕ ਮ੍ਰਿਤਕ ਪਤਨੀ, ਉਸ ਦੇ ਆਸ਼ਕ ਸਮੇਤ ਤਿੰਨ ਨੂੰ ਗਿ੍ਰਫ਼ਤਾਰ ਕੀਤਾ ਸੀ ਤੇ ਹੁਣ ਮੁਲਜ਼ਮ ਪਤਨੀ ਰੁਪਿੰਦਰ ਕੌਰ ਦੀ ਫ਼ਰੀਦਕੋਟ ਦੀ ਵਸਨੀਕ ਸਹੇਲੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਤਰਲੋਚਨ ਸਿੰਘ ਡੀਐਸਪੀ ਫ਼ਰੀਦਕੋਟ ਨੇ ਦਸਿਆ ਕਿ ਵੀਰਇੰਦਰ ਕੌਰ ਸਕੂਲ ਸਮੇਂ ਤੋਂ ਰੁਪਿੰਦਰ ਕੌਰ ਦੀ ਸਹੇਲੀ ਸੀ, ਜੋ ਹੁਣ ਮੋਗਾ ਸ਼ਹਿਰ ਵਿਖੇ ਓ.ਟੀ. ਦਾ ਕੋਰਸ ਕਰ ਰਹੀ ਹੈ।
ਜਦੋਂ ਰੁਪਿੰਦਰ ਕੌਰ ਕੈਨੇਡਾ ਤੋਂ ਡਿਪੋਰਟ ਹੋ ਕੇ ਵਾਪਸ ਆਈ ਤਾਂ ਦੋਵੇਂ ਨਜ਼ਦੀਕੀ ਸਹੇਲੀਆਂ ਬਣ ਗਈਆਂ। ਉਨ੍ਹਾਂ ਦਸਿਆ ਕਿ ਗੁਰਵਿੰਦਰ ਸਿੰਘ ਸੰਧੂ ਦੇ ਕਤਲ ਦੀ ਸਾਜ਼ਸ਼ ਸਬੰਧੀ ਵੀ ਰੁਪਿੰਦਰ ਕੌਰ ਨੇ ਸਾਰੀ ਜਾਣਕਾਰੀ ਅਪਣੀ ਸਹੇਲੀ ਨਾਲ ਸਾਂਝੀ ਕੀਤੀ ਸੀ, ਜੇਕਰ ਵੀਰਇੰਦਰ ਕੌਰ ਪੁਲਿਸ ਨੂੰ ਸੂਚਨਾ ਦੇ ਦਿੰਦੀ ਤਾਂ ਸ਼ਾਇਦ ਗੁਰਵਿੰਦਰ ਦੀ ਜਾਨ ਬਚ ਸਕਦੀ ਸੀ।
ਅਦਾਲਤ ਵਿਚ ਪੇਸ਼ ਕਰਨ ’ਤੇ ਸਿਵਲ ਜੱਜ ਜੁਗਰਾਜ ਸਿੰਘ ਦੀ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ। ਹੁਣ ਉਸ ਸਮੇਤ ਚਾਰੇ ਮੁਲਜ਼ਮਾਂ ਨੂੰ 22 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
