
ਪੰਜਾਬ ਦੇ ਰਾਜਪਾਲ ਅਤੇ ਯ.ੂਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਸੂਬੇ ਦੀ ਖ਼ੁਸ਼ਹਾਲੀ ਅਤੇ ਤਰੱਕੀ......
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਯ.ੂਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਸੂਬੇ ਦੀ ਖ਼ੁਸ਼ਹਾਲੀ ਅਤੇ ਤਰੱਕੀ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਸੱਦਾ ਦਿਤਾ ਹੈ। ਅੱਜ ਸ਼ਾਮ 25ਵੇਂ ਅੰਤਰਰਾਸ਼ਟਰੀ ਪੰਜਾਬੀ ਪਰਵਾਸੀ ਦਿਵਸ ਦੇ ਸਮਾਪਤੀ ਸੈਸ਼ਨ 'ਚ ਅਪਣੇ ਸੰਬੋਧਨ 'ਚ ਸ਼੍ਰੀ ਬਦਨੌਰ ਨੇ ਕਿਹਾ ਕਿ ਇਹ ਐਨ.ਆਰ.ਆਈ ਸੰਮੇਲਨ ਨਾ ਕੇਵਲ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਪਣੀਆਂ ਜੜ੍ਹਾਂ ਨਾਲ ਜੋੜਨ ਦਾ ਇਕ ਮੰਚ ਹੈ, ਸਗੋਂ ਪਰਵਾਸੀਆਂ ਨਾਲ ਸਬੰਧਤ ਮੌਜੂਦਾ ਸਮਾਜਕ-ਆਰਥਿਕ ਮੁੱਦਿਆਂ ਨੂੰ ਸਮਝਣ ਦਾ ਵੀ ਇਕ ਨਿਵੇਕਲਾ ਉਪਰਾਲਾ ਹੈ।
ਸ਼੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਮੱਧ ਏਸ਼ੀਆਈ ਬਾਜ਼ਾਰ ਲਈ ਇਕ ਮੁੱਖ ਦੁਆਰ ਰਿਹਾ ਹੈ ਅਤੇ ਸੰਚਾਰ ਲਈ ਇਸ ਕੋਲ ਇਕ ਵੱਡਾ ਸੜਕੀ ਅਤੇ ਰੇਲਮਾਰਗੀ ਢਾਂਚਾ ਹੈ ਅਤੇ ਇਸਦੇ ਨਾਲ ਹੀ ਸੂਬੇ ਕੋਲ ਹੋਰ ਵਿਕਾਸ ਲਈ ਹਵਾਈ ਆਵਾਜਾਈ ਦੇ ਖੇਤਰ ਵਿਚ ਵੀ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਚੰਗੇ ਸਮਾਜਕ ਅਤੇ ਆਰਥਕ ਵਿਕਾਸ ਲਈ ਨਿਵੇਸ਼ ਵਿਚ ਵਾਧਾ ਅੱਜ ਦੇ ਸਮੇਂ ਦੀ ਪ੍ਰਮੁੱਖ ਮੰਗ ਹੈ। ਉਨ੍ਹਾਂ ਕਿਹਾ ਸੂਬੇ ਵਿਚ ਵਪਾਰ ਅਤੇ ਨਿਵੇਸ਼ ਕਰਨ ਨੂੰ ਹੋਰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਨਿਵੇਸ਼ ਨੀਤੀ ਦਾ ਨਵੀਨੀਕਰਨ ਕੀਤਾ ਹੈ ਅਤੇ ਇਸ ਸਬੰਧੀ ਨਿਵੇਸ਼ਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਵੇਂ ਕਈ ਚੁਣੌਤੀਆਂ ਹਨ ਪਰ ਚੰਗੀਆਂ ਨੀਤੀਆਂ 'ਤੇ ਆਧਾਰਤ ਸਾਡਾ ਆਰਥਕ ਢਾਂਚਾ ਸਾਨੂੰ ਤਰੱਕੀ ਦੇ ਰਾਹ ਵਿਚ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਿਚ ਸਹਾਈ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੂਬੇ ਦੇ ਰਾਜਪਾਲ ਨੇ ਕਿਹਾ ਕਿ ਸੂਬੇ ਦੇ ਆਰਥਕ ਵਿਕਾਸ ਦੇ ਮਦੇਨਜਰ ਆਈ.ਸੀ.ਐਸ.ਆਈ ਵਲੋਂ ਸਰਵਿਸ ਸੈਕਟਰ ਨੂੰ ਹੋਰ ਪ੍ਰਫੁੱਲਿਤ ਕਰਨ ਸਬੰਧੀ ਕਈ ਮਹੱਤਵਪੂਰਨ ਸੁਝਾਅ ਦਿਤੇ ਗਏ ਹਨ। ਸ਼੍ਰੀ ਬਦਨੌਰ ਨੇ ਪੰਜਾਬ ਦੇ ਐਨ.ਆਰ.ਆਈ ਮਾਮਲਿਆਂ ਬਾਰੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਰਾਜਪਾਲ ਨੇ ਦਸਿਆ ਕਿ ਸਾਰਾ ਦਿਨ ਵੱਖ-ਵੱਖ ਪੈਨਲ ਚਰਚਾਵਾਂ ਦੌਰਾਨ ਮੈਡੀਕਲ ਟੂਰਿਜ਼ਮ, ਬੈਂਕਿੰਗ ਅਤੇ ਵਿੱਤੀ ਸੇਵਾਵਾਂ, ਚੰਡੀਗੜ੍ਹ ਨੂੰ ਉੱਤਰੀ ਭਾਰਤ ਦੇ ਇਕ ਫ਼ਾਈਨਾਂਸ਼ੀਅਲ ਹੱਬ ਵਜੋਂ ਉਭਾਰਨ, ਕਿੱਤਾ ਮੁਖੀ ਸਿਖਿਆ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੰਜਾਬ ਵਿਚ ਹੁਨਰ ਵਿਕਸਿਤ ਕਰਨ ਸਬੰਧੀ ਵਿਸ਼ਿਆਂ 'ਤੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਤੋਂ ਪਹਿਲਾਂ ਸ਼੍ਰੀ ਗੁਲਸ਼ਨ ਸ਼ਰਮਾ, ਡੀਜੀ, ਆਈਸੀਐਸਆਈ ਨੇ ਇਸ ਵਿਸ਼ੇਸ਼ ਦਿਨ ਦੀਆਂ ਹੋਰ ਗਤੀਵਿਧੀਆਂ 'ਤੇ ਚਾਨਣਾ ਪਾਇਆ ਅਤੇ ਸ਼੍ਰੀ ਰਾਣਾ ਆਸ਼ੂਤੋਸ਼ ਕੁਮਾਰ ਸਿੰਘ, ਮੁੱਖ ਜਨਰਲ ਮੈਨੇਜਰ, ਐਸਬੀਆਈ ਅਤੇ ਸ਼੍ਰੀ ਵਿਸ਼ਾਲ ਬੱਤਰਾ, ਜੁਆਇੰਟ ਜਨਰਲ ਮੈਨੇਜਰ,
ਆਈ.ਸੀ.ਆਈ.ਸੀ.ਆਈ ਬੈਂਕ ਨੇ ਵੀ ਪੰਜਾਬ ਦੀ ਆਰਥਕਤਾ ਦੇ ਮਜਬੂਤੀਕਰਨ ਤੇ ਸੇਵਾ ਖੇਤਰ ਨੂੰ ਪ੍ਰਫੁੱਲਿਤ ਕਰਨ ਸਬੰਧੀ ਆਪਣੇ ਸੁਝਾਅ ਤੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਐਸ.ਆਰ ਲੱਧੜ, ਆਈ.ਏ.ਐਸ, ਪ੍ਰਮੁੱਖ ਸਕੱਤਰ, ਐਨਆਰਆਈ ਮਾਮਲੇ ਨੇ ਧਨਵਾਦ ਮਤਾ ਪੇਸ਼ ਕੀਤਾ। ਇਸ ਮੌਕੇ ਮੌਜੂਦ ਹੋਰ ਪਤਵੰਤਿਆਂ ਵਿਚ ਐਨ.ਐਸ. ਕਲਸੀ, ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ ਅਤੇ ਜਨਰਲ ਕੇ.ਜੇ. ਸਿੰਘ ਅਤੇ ਮਸ਼ਹੂਰ ਪਰਵਾਸੀ ਪੰਜਾਬੀ ਅਤੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਅਤੇ ਪੰਜਾਬ ਸਰਕਾਰ ਦੇ ਕਈ ਅਧਿਕਾਰੀ ਵੀ ਸ਼ਾਮਲ ਸਨ।