
ਅਸਤੀਫ਼ਾ ਦੇ ਸੁਖਦੇਵ ਢੀਂਡਸਾ ਦੇ ਹੱਕ 'ਚ ਨਿੱਤਰੇ ਅਕਾਲੀ ਆਗੂ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਕ ਤੋਂ ਇਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਦਰ ਮੂਲ ਸਿਧਾਤਾਂ ਦੀ ਪਹਿਰੇਦਾਰੀ ਨੂੰ ਲੈ ਕੇ ਢੀਂਡਸਾ ਪਰਵਾਰ ਵਲੋਂ ਵਿਢੀ ਮੁਹਿੰਮ ਤਹਿਤ ਪਾਰਟੀ ਦਫ਼ਤਰ ਵਿਖੇ ਸੱਦੀ ਮੀਟਿੰਗ ਵਿਚ ਆਪ-ਮੁਹਾਰੇ ਪੁਜੇ ਸਰਕਲ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਇਕਮਤ ਹੁੰਦਿਆਂ ਬਾਦਲਕਿਆਂ ਦੀ ਤਾਨਾਸ਼ਾਹੀ ਸੋਚ ਨੂੰ ਰੱਜਕੇ ਭੰਡਿਆ।
Sukhbir Badal
ਇਸ ਮੌਕੇ ਬੋਲਦਿਆਂ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਸੁਨੀਤਾ ਸ਼ਰਮਾਂ, ਗੁਰਚਰਨ ਸਿੰਘ ਧਾਲੀਵਾਲ, ਨਗਰ ਕੌਂਸਲ ਪ੍ਰਧਾਨ ਬਘੀਰਥ ਰਾਏ ਗੀਰਾ, ਮਨਿੰਦਰ ਸਿੰਘ ਲਖਮੀਰਵਾਲਾ, ਹਰਪਾਲ ਸਿੰਘ ਖਡਿਆਲ, ਸਤਗੁਰ ਸਿੰਘ ਨਮੋਲ, ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ ਅਤੇ ਪਰਮਿੰਦਰ ਸਿੰਘ ਜਾਰਜ਼ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਸੁਖਬੀਰ ਸਿੰਘ ਬਾਦਲ ਦੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਪਾਰਟੀ ਨੇ ਸਿੱਖ ਸਿਧਾਤਾਂ ਅਤੇ ਪ੍ਰੰਪਰਾਵਾਂ ਨੂੰ ਮਧੋਲਕੇ ਰੱਖ ਦਿਤਾ ਹੈ।
Sukhdev Dhindsa
ਜਿਸ ਕਾਰਨ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਿਆਸੀ ਅਹੁਦਿਆਂ ਤੋਂ ਤਿਆਗ਼ ਕਰਕੇ ਅਕਾਲੀ ਦਲ ਨੂੰ ਮੁੜ ਸਿਧਾਂਤਕ ਲੀਹਾਂ 'ਤੇ ਲਿਆਉਣ ਲਈ ਝੰਡਾ ਬੁਲੰਦ ਕਰਨਾ ਪਿਆ ਹੈ। ਸ਼ਹਿਰੀ ਅਕਾਲੀ ਆਗੂਆਂ ਨੇ ਪਾਰਟੀ ਵਿਚ ਮਿਸ਼ਨ ਸਿਧਾਂਤ ਦੀ ਪਹਿਰੇਦਾਰੀ ਦੇ ਅਲੰਬਰਦਾਰ ਬਣ ਕੇ ਚੱਲੇ ਢੀਂਡਸਾ ਪਿਉ-ਪੁੱਤਰ ਨਾਲ ਤੁਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪਾਰਟੀ ਅੰਦਰ ਅਨੁਸ਼ਾਸਨ ਲਾਗੂ ਹੋਣ ਤਕ ਆਵਾਜ਼ ਬੁਲੰਦ ਕਰਦੇ ਰਹਿਣਗੇ।
Akali Dal
ਇਸ ਮੌਕੇ ਭਾਰੀ ਗਿਣਤੀ ਵਿਚ ਆਗੂਆਂ ਅਤੇ ਵਰਕਰਾਂ ਨੇ ਢੀਂਡਸਾ ਪਰਵਾਰ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਦੱਸ ਦੇਈਏ ਕਿ ਜਿੱਥੇ ਇਕ ਪਾਸੇ ਅਕਾਲੀ ਆਗੂਆਂ ਵੱਲੋਂ ਲਗਾਤਾਰ ਸੁਖਬੀਰ ਬਾਦਲ 'ਤੇ ਭੜਾਸ ਕੱਢੀ ਗਈ। ਉੱਥੇ ਹੀ ਉਹਨਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਲਈ ਤਾਰੀਫ਼ਾਂ ਦੇ ਪੁੱਲ ਵੀ ਬੰਨੇ ਗਏ ਹਨ।