
ਠੰਢ ਕਾਰਨ ਬਿਜਲੀ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ ਵਧ ਕੇ 6400 ਮੈਗਾਵਾਟ ਤਕ ਪੁੱਜੀ
1057 ਲੱਖ ਯੂਨਿਟ ਦੇ ਮੁਕਾਬਲੇ 1477 ਲੱਖ ਯੂਨਿਟ ਖ਼ਰੀਦੀ ਜਾ ਰਹੀ ਹੈ
ਪਟਿਆਲਾ, 22 ਜਨਵਰੀ (ਜਸਪਾਲ ਸਿੰਘ ਢਿੱਲੋਂ) : ਇਸ ਵੇਲੇ ਠੰਢ ਦਾ ਕਹਿਰ ਜਾਰੀ ਹੈ | ਘਟੇ ਹੋਏ ਪਾਰੇ ਕਾਰਨ ਰਾਜ ਅੰਦਰ ਬਿਜਲੀ ਦੀ ਖ਼ਪਤ ਦਾ ਅੰਕੜਾ ਵਧ ਕੇ 1311 ਲੱਖ ਯੂਨਿਟ ਭਾਵ 6400 ਮੈਗਾਵਾਟ 'ਤੇ ਪਹੁੰਚ ਗਈ ਹੈ ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 1093 ਲੱਖ ਯੂਨਿਟ ਸੀ | ਇਸ ਵੇਲੇ ਬਿਜਲੀ ਨਿਗਮ ਦਾ ਸਾਰਾ ਦਾਰੋਮਦਾਰ ਬਿਜਲੀ ਦੀ ਖ਼ਰੀਦ 'ਤੇ ਨਿਰਭਰ ਹੈ | ਇਸ ਵੇਲੇ ਬਿਜਲੀ ਨਿਗਮ ਪਿਛਲੇ ਸਾਲ ਬਿਜਲੀ ਦੀ ਖ਼ਰੀਦ ਦੇ ਅੰਕੜੇ 1057 ਲੱਖ ਯੂਨਿਟ ਦੇ ਮੁਕਾਬਲੇ 1477 ਲੱਖ ਯੂਨਿਟ 'ਤੇ ਅੱਪੜ ਗਿਆ ਹੈ |
ਬਿਜਲੀ ਨਿਗਮ ਦੇ ਅਪਣੇ ਉਤਪਾਦਨ 'ਤੇ ਜੇ ਝਾਤੀ ਮਾਰੀ ਜਾਵੇ ਤਾਂ ਪਣ ਬਿਜਲੀ ਘਰਾਂ ਤੋਂ ਬਿਜਲੀ ਦਾ ਉਤਪਾਦਨ 291 ਮੈਗਾਵਾਟ ਹੈ | ਇਸ ਵਿਚ ਰਣਜੀਤ ਸਾਗਰ ਡੈਮ ਤੋਂ 113 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 165 ਮੈਗਾਵਾਟ ਅਤੇ ਹਿਮਾਚਲ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ 13 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਜੇਕਰ ਨਵਿਆਉਣਯੋਗ ਸਰੋਤਾਂ ਤੋਂ 91 ਮੈਗਾਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ, ਇਸ ਵਿਚ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 11 ਮੈਗਾਵਾਟ ਅਤੇ ਗ਼ੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 72 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ |
ਇਸ ਦੇ ਨਾਲ ਹੀ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਨੇ ਵੀ ਬਿਜਲੀ ਦਾ ਉਤਪਾਦਨ ਵਧਾ ਦਿਤਾ ਹੈ ਜਿਸ ਨੂੰ ਬਿਜਲੀ ਨਿਗਮ ਵਲੋਂ ਖ਼ਰੀਦਿਆਂ ਜਾ ਰਿਹਾ ਹੈ | ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ ਇਸ ਵੇਲੇ 3425 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸ ਵਿਚ ਤਲਵੰਡੀ ਸਾਬੋ ਦੇ ਤਿੰਨ ਯੂਨਿਟਾਂ ਤੋਂ 1851 ਮੈਗਾਵਾਟ ਅਤੇ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1324 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਇਸ ਵੇਲੇ ਗਰੋਸ ਬਿਜਲੀ ਦਾ ਅੰਕੜਾ 3810 ਮੈਗਾਵਾਟ ਹੈ | ਸੂਤਰਾਂ ਤੋਂ ਮਿਲੀ ਜਾimageਣਕਾਰੀ ਮੁਤਾਬਕ ਇਸ ਵੇਲੇ ਕਈ ਖੇਤਰਾਂ 'ਚ ਬਿਜਲੀ ਦੇ ਕੱਟ ਵੀ ਲਾਏ ਜਾ ਰਹੇ ਹਨ |