
ਕੈਪਟਨ ਤੇ ਬਾਦਲਾਂ ਦੀ ਮਿਲੀ ਭੁਗਤ ਕਾਰਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਂਣ ਵਿਚ ਦੇਰੀ ਹੋ ਰਹੀ ਹੈ : ਬੀਰ ਦਵਿੰਦਰ ਸਿੰਘ
ਐਸ.ਏ.ਐਸ ਨਗਰ, 22 ਜਨਵਰੀ (ਸੁਖਦੀਪ ਸਿੰਘ ਸੋਈ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਊਂਣ ਲਈ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ, ਜਸਟਿਸ ਐਸ. ਐਸ ਸਾਰੋਂ ਦੀ ਬਤੌਰ ਮੁੱਖ ਚੋਣ ਕਮਿਸ਼ਨਰ ਨਿਯੁਕਤੀ, ਪਿਛਲੇ ਸਾਲ ਅਕਤੂਬਰ 2020 ਵਿੱਚ ਹੋਈ ਸੀ। ਪ੍ਰੰਤੂ ਲਗਪਗ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਚੁਕੱਾ ਹੈ, ਪਰ ਗੁਰਦਵਾਰਾ ਚੋਣ ਕਮਿਸ਼ਨਰ ਨੇ ਹਾਲੇ ਤੀਕਰ ਆਪਣਾ ਕਾਰਜਭਾਗ ਸੰਭਾਲ ਕੇ, ਬਾਕਾਇਦਗੀ ਨਾਲ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਹਾਲੇ ਤੀਕਰ, ਗੁਰਦਵਾਰਾ ਚੋਣਾਂ ਕਰਵਾਊਂਣ ਲਈ, ਮੁੱਖ ਚੋਣ ਕਮਿਸ਼ਨਰ ਦੇ ਦਫਤਰ ਲਈ ਨਾ ਤਾਂ ਕੋਈ ਢੁਕਵੀਂ ਇਮਾਰਤ ਦਿੱਤੀ ਹੈ ਅਤੇ ਨਾ ਹੀ ਕਮਿਸ਼ਨ ਦੇ ਕੰਮ-ਕਾਰ ਨੂੰ ਸੁਚਾਰੂ ਢੰਗ ਨਾਲ ਚਲਾਊਂਣ ਲਈ, ਕੋਈ ਲੋੜੀਂਦਾ ਦਫ਼ਤਰੀ ਅਮਲਾ ਹੀ ਮੁਹੱਈਆ ਕਰਵਾਇਆ ਹੈ।
ਗੁਰਦਵਾਰਾ ਚੋਣ ਕਮਿਸ਼ਨ ਦੀ ਜੋ ਆਪਣੀ ਰਾਖਵੀਂ ਇਮਾਰਤ, ਚੰਡੀਗੜ੍ਹ ਦੇ 17 ਸੈਕਟਰ ਵਿੱਚ, ਆਜ਼ਾਦ ਹਿੰਦ ਸਟੋਰ ਦੇ ਉੱਪਰ ਵਾਲੀ ਮੰਜ਼ਲ ਤੇ ਹੈ ਉਹ ਪਿਛਲੇ 11 ਸਾਲ ਤੋਂ ਬੰਦ ਪਈ ਹੈ ਤੇ ਬੜੀ ਹੀ ਬਦਤਰ ਹਾਲਤ ਵਿੱਚ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਕਮਸ਼ਿਨਰ ਦੇ ਦਫ਼ਤਰ ਵਾਸਤੇ, ਫੌਰੀ ਤੌਰ ਤੇ ਕੋਈ ਬਦਲਵੇਂ ਪ੍ਰਬੰਧ ਕਰਨੇ ਬਣਦੇ ਸਨ ਤਾਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਊਂਣ ਲਈ ਕੋਈ ਪ੍ਰਕਿਰਿਆ ਸ਼ੁਰੂ ਹੋ ਸਕਦੀ ।
ਇੰਝ ਜਾਪਦਾ ਹੈ ਕਿ ਅਜਿਹਾ ਇਸ ਲਈ ਨਹੀਂ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿੱਚ ਹੋਏ ਗੁਪਤ ਸਮਝੌਤੇ ਅਨੁਸਾਰ, ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ਵਿੱਚ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਪੰਜਾਬ ਅਸੈਂਬਲੀ ਦੀਆਂ ਫਰਵਰੀ 2022 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨਹੀਂ ਹੋਣ ਦੇਣਾ ਚਾਹੁੰਦੇ, ਇਸੇ ਕਾਰਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਊਂਣ ਲਈ, ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤੇ ਕਮਿਸ਼ਨ ਨੂੰ, ਵਿਧੀਵਤ ਕੰਮ ਅਰੰਭ ਕਰਨ ਲਈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਣਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ।
ਬਾਦਲ ਸਰਕਾਰ ਵੇਲੇ ਹੋਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬੇਹਬਲ ਕਲਾਂ ਵਰਗੇ ਹੋਏ ਭਿਆਨਕ ਗੋਲੀ ਕਾਂਡ ਕਾਰਨ, ਬਾਦਲ ਪਰਿਵਾਰ ਵੱਲੋਂ ਡੇਰਾ ਸਿਰਸਾ ਦੇ ਹੱਕ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਜਾਰੀ ਕਰਵਾਊਂਣ ਕਾਰਨ, ਬਾਦਲਾਂ ਵਿਰੁੱਧ ਸਿੱਖ ਭਾਈਚਾਰੇ ਵਿੱਚ ਪਹਿਲਾਂ ਹੀ ਭਾਰੀ ਰੋਸ ਸੀ, ਪਰ ਹੁਣ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਵਿੱਚ ਸਮਰਥਨ ਕਰਨ ਨਾਲ ਹੁਣ ਪਾੜਾ ਹੋਰ ਬਹੁਤ ਵੱਡਾ ਹੋ ਗਿਆ ਹੈ ਜਿਸਦੀ ਭਰਭਾਈ ਨੇੜ ਭਵਿੱਖ ਵਿੱਚ ਸੰਭਵ ਨਹੀਂ ਜਾਪਦੀ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ 2022 ਵਿੱਚ ਮੁੜ ਚੋਣ ਜਿੱਤ ਕੇ ਤੀਜੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਡੰਡ-ਬੈਠਕਾਂ ਮਾਰ ਰਿਹਾ ਹੈ, ਕੈਪਟਨ ਇਹ ਸਮਝ ਰਿਹਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਾਰ ਜਾਂਦਾ ਹੈ ਤਾਂ ਇੱਕ ਤੀਜੀ ਵੱਡੀ ਮੁਸਬਤ ਧਿਰ ਉੱਭਰ ਕੇ ਸਾਹਮਣੇ ਆ ਜਾਵੇਗੀ ਜੋ ਕਾਂਗਰਸ ਪਾਰਟੀ ਲਈ 2022 ਵਿੱਚ ਵੱਡੀ ਚੁਣੌਤੀ ਸਾਬਤ ਹੋਵੇਗੀ।
ਇਸ ਲਈ ਕੈਪਟਨ ਹਰ ਹੀਲੇ ਗੁਰਦਵਾਰਾ ਚੋਣਾਂ ਨੂੰ ਟਾਲਣਾ ਚਾਹੁੰਦਾ ਹੈ ਅਤੇ ਬਾਦਲਾਂ ਨੂੰ ਵੀ ਇਹੋ ਪੈਂਤੜਾ ਠੀਕ ਜਾਪ ਰਿਹਾ ਹੈ। ਇਸ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਊਂਣ ਵਿੱਚ ਹੋ ਰਹੀ ਦੇਰੀ ਲਈ ਕਿਤੇ ਨਾ ਕਿਤੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਅਤੇ ਸਾਜਿਸ਼ ਕੰਮ ਕਰ ਰਹੀ ਹੈ।
photo 21-5