
ਉੱਡਣ ਦਸਤੇ ਨੇ ਕੇਸ ਆਮਦਨ ਕਰ ਵਿਭਾਗ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ
ਬਰਨਾਲਾ : ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ) ਦੀ ਟੀਮ ਅਤੇ 103-ਬਰਨਾਲਾ ਵਿਧਾਨ ਸਭਾ ਹਲਕੇ ਦੇ ਉੱਡਣ ਦਸਤੇ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਬਰਨਾਲਾ ਦੇ ਹੰਡਿਆਇਆ ਚੌਕ 'ਤੇ ਫਾਰਚੂਨਰ ਗੱਡੀ 'ਚੋਂ 11 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਹੰਡਿਆਇਆ ਚੌਕ 'ਤੇ ਤਲਾਸ਼ੀ ਮੁਹਿੰਮ ਦੌਰਾਨ ਆਈ.ਟੀ.ਬੀ.ਪੀ ਦੀ ਟੀਮ ਨੇ ਚਿੱਟੇ ਰੰਗ ਦੀ ਫਾਰਚੂਨਰ ਗੱਡੀ (HR-24-AC-0013) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਗਿਆਰਾਂ ਲੱਖ ਦੀ ਨਕਦੀ ਬਰਾਮਦ ਹੋਈ। ਵਾਹਨ 'ਚੋਂ ਕੋਈ ਚੋਣ ਸਮੱਗਰੀ ਬਰਾਮਦ ਨਹੀਂ ਹੋਈ।
barnala police
ਇਸ ਦੌਰਾਨ ਤਹਿਸੀਲਦਾਰ ਸੰਦੀਪ ਸਿੰਘ ਅਤੇ ਐਸ.ਐਚ.ਓ ਸਿਟੀ-2 ਮੁਨੀਸ਼ ਕੁਮਾਰ ਮੌਕੇ 'ਤੇ ਪਹੁੰਚ ਗਏ। ਐੱਸ.ਐੱਚ.ਓ ਸਿਟੀ-2 ਵਲੋਂ ਕਾਰਵਾਈ ਕਰਦਿਆਂ ਗੱਡੀ ਅਤੇ ਨਕਦੀ ਜ਼ਬਤ ਕਰ ਲਈ ਗਈ ਅਤੇ ਮੌਕੇ ਦੀ ਵੀਡੀਓਗ੍ਰਾਫੀ ਕਰਵਾਈ ਗਈ, ਜਿਸ ਮਗਰੋਂ ਨਕਦੀ ਅਗਲੀ ਕਾਰਵਾਈ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਵੱਲੋਂ ਅਗਲੇਰੀ ਜਾਂਚ ਮੁਕੰਮਲ ਹੋਣ ਤੱਕ ਬਰਾਮਦ ਰਕਮ ਮਾਲਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਬੰਧਤ ਵਿਅਕਤੀ 11 ਲੱਖ ਰੁਪਏ ਨਕਦੀ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਕਾਰ ਵਿੱਚ ਸਿਰਸਾ (ਹਰਿਆਣਾ) ਵਾਸੀ ਰਘੁਬੀਰ ਸਿੰਘ ਪੁੱਤਰ ਦੁਰਗਾ ਸਿੰਘ ਆਪਣੇ ਪੁੱਤਰ ਅਤੇ ਡਰਾਈਵਰ ਨਾਲ ਬਰਨਾਲਾ ਤੋਂ ਸਿਰਸਾ ਜਾ ਰਹੇ ਸਨ। ਰਘਬੀਰ ਸਿੰਘ ਨੇ ਦਾਅਵਾ ਕੀਤਾ ਉਹ ਜ਼ਮੀਨ ਦੀ ਰਜਿਸਟਰੀ ਦੇ ਸਬੰਧ ਵਿਚ ਬਰਨਾਲਾ ਆਏ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਮਲਾ ਜਾਂਚ ਅਧੀਨ ਹੈ।