
9 ਲੋਕਾਂ ਦਾ ਕਿਰਾਇਆ ਸਿਰਫ 36 ਰੁਪਏ 9 ਆਨੇ
ਅੰਮ੍ਰਿਤਸਰ - ਸੋਸ਼ਲ ਮੀਡੀਆ 'ਤੇ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ ਅੰਮ੍ਰਿਤਸਰ ਲਈ ਖ਼ਰੀਦੀ ਗਈ ਇਕ ਪੁਰਾਣੀ ਟਿਕਟ ਵਾਇਰਲ ਹੋ ਰਹੀ ਹੈ। ਲੋਕ ਇੰਨੀ ਪੁਰਾਣੀ ਟਿਕਟ ਅਤੇ ਇਸ ਦੇ ਕਿਰਾਏ ਬਾਰੇ ਜਾਣ ਕੇ ਹੈਰਾਨ ਹਨ। ਉਸ ਸਮੇਂ 9 ਲੋਕਾਂ ਦਾ ਕਿਰਾਇਆ ਸਿਰਫ 36 ਰੁਪਏ 9 ਆਨੇ ਸੀ। ਲੋਕ ਇਸ ਟਿਕਟ ਦੀ ਕੀਮਤ ਦੀ ਤੁਲਨਾ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ।
ਲੋਕ ਇਸ ਪੁਰਾਣੀ ਟਿਕਟ ਨੂੰ ਫੇਸਬੁੱਕ 'ਤੇ ਕਾਫੀ ਸ਼ੇਅਰ ਕਰ ਰਹੇ ਹਨ। ਇਸ ਟਿਕਟ ਨੂੰ ਫੇਸਬੁੱਕ ਪੇਜ ਪਾਕਿਸਤਾਨ ਰੇਲ ਲਵਰਜ਼ ਨੇ ਸਾਂਝਾ ਕੀਤਾ ਹੈ। ਪਾਕਿਸਤਾਨ ਰੇਲ ਲਵਰਜ਼ ਨੇ ਟਿਕਟ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “17-09-1947 ਨੂੰ ਆਜ਼ਾਦੀ ਤੋਂ ਬਾਅਦ 9 ਲੋਕਾਂ ਲਈ ਜਾਰੀ ਕੀਤੀ ਰੇਲ ਟਿਕਟ ਦੀ ਤਸਵੀਰ, ਰਾਵਲਪਿੰਡੀ ਤੋਂ ਅੰਮ੍ਰਿਤਸਰ, ਜਿਸ ਦੀ ਕੀਮਤ 36 ਰੁਪਏ ਅਤੇ 9 ਆਨੇ ਹੈ।
ਹੋ ਸਕਦਾ ਹੈ ਕਿ ਇਹ ਭਾਰਤ ਆਏ ਕਿਸੇ ਪਰਿਵਾਰ ਨਾਲ ਸਬੰਧਤ ਹੋਵੇ। ਇਹ ਟਿਕਟ ਥਰਡ ਏਸੀ ਦੀ ਇੱਕ ਤਰਫਾ ਯਾਤਰਾ ਲਈ ਹੈ। ਟਿਕਟ ਉਤੇ 17 ਸਤੰਬਰ 1947 ਦੀ ਤਰੀਕ ਹੈ। ਜਿਸ 'ਤੇ ਕਲਮ ਨਾਲ ਸਾਰਾ ਵੇਰਵਾ ਲਿਖਿਆ ਹੋਇਆ ਹੈ। ਦੱਸ ਦਈਏ ਕਿ ਉਸ ਸਮੇਂ ਤੱਕ ਪ੍ਰਿੰਟ ਜਾਂ ਕੰਪਿਊਟਰਾਈਜ਼ਡ ਟਿਕਟਾਂ ਨਹੀਂ ਹੁੰਦੀਆਂ ਸਨ, ਅਜਿਹੇ ਵਿੱਚ ਇੱਕੋ ਜਿਹੇ ਪੈੱਨ ਨਾਲ ਲਿਖੀਆਂ ਟਿਕਟਾਂ ਚੱਲਦੀਆਂ ਸਨ। ਵੰਡ ਤੋਂ ਪਹਿਲਾਂ ਉੱਤਰ ਪੱਛਮੀ ਰੇਲਵੇ ਜ਼ੋਨ ਪਾਕਿਸਤਾਨ ਵਿੱਚ ਆਉਂਦਾ ਸੀ।
ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਇਸ ਟਿਕਟ ਦੀ ਕੀਮਤ 'ਤੇ ਹੈਰਾਨੀ ਪ੍ਰਗਟ ਕਰ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਇਹ ਟਿਕਟ ਕਿਸੇ ਵਿਦੇਸ਼ੀ ਦੀ ਵੀ ਹੋ ਸਕਦੀ ਹੈ। ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਸਮੇਂ ਤੱਕ ਪਾਕਿਸਤਾਨ ਤੋਂ ਟਿਕਟ ਲੈ ਕੇ ਆਉਣਾ ਇੰਨਾ ਆਸਾਨ ਸੀ ਪਰ ਹੁਣ ਸਥਿਤੀ ਪਹਿਲਾਂ ਵਰਗੀ ਨਹੀਂ ਹੈ।
15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਅਤੇ ਪਾਕਿਸਤਾਨ ਹੋਂਦ ਵਿੱਚ ਆਇਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪਾਕਿਸਤਾਨ ਤੋਂ ਭਾਰਤ ਆਏ ਅਤੇ ਭਾਰਤ ਤੋਂ ਪਾਕਿਸਤਾਨ ਚਲੇ ਗਏ। ਇਹ ਟਿਕਟ ਅਜਿਹੇ ਹੀ ਕਿਸੇ ਪਰਿਵਾਰ ਦੀ ਜਾਪਦੀ ਹੈ।