
ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਚੁੱਕੇ ਗਏ ਕਦਮ
ਚੰਡੀਗੜ੍ਹ - ਚੰਡੀਗੜ੍ਹ ਵਿਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਤੋਂ ਪੁਲਿਸ-ਪ੍ਰਸ਼ਾਸਨ ਚਿੰਤਤ ਹੈ। ਕਿਰਾਏਦਾਰਾਂ ਅਤੇ ਨੌਕਰਾਂ ਦੇ ਰੂਪ ਵਿਚ ਸਮਾਜ ਵਿਰੋਧੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਅਜਿਹੇ 'ਚ ਪ੍ਰਸ਼ਾਸਨ ਨੇ ਇਕ ਹੁਕਮ ਜਾਰੀ ਕਰ ਕੇ ਸਾਰੇ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰ-ਪੇਇੰਗ ਗੈਸਟ (ਪੀ.ਜੀ.) ਦੀ ਜਾਣਕਾਰੀ ਜਮ੍ਹਾ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਘਰਾਂ ਵਿਚ ਕੰਮ ਕਰਦੇ ਨੌਕਰਾਂ ਬਾਰੇ ਵੀ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਗਏ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਸੂਚਨਾ ਸਥਾਨਕ ਥਾਣਿਆਂ ਦੀ ਪੁਲਿਸ ਨੂੰ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਮਕਾਨ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ 'ਤੇ ਆਈਪੀਸੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਦਿੱਤੇ ਹਨ। ਪ੍ਰਸ਼ਾਸਨ ਦੇ ਇਹ ਹੁਕਮ 20 ਮਾਰਚ 2023 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ
ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਮਕਾਨ ਮਾਲਕਾਂ ਸਮੇਤ ਰਿਹਾਇਸ਼ੀ ਅਤੇ ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਆਪਣੀ ਜਗ੍ਹਾ 'ਤੇ ਸਬਲਿਟਿੰਗ ਜਾਂ ਸਬਲੇਟ ਕਰਨ ਸਮੇਂ ਲੋੜੀਂਦੀ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਕੋਈ ਵੀ ਸਮਾਜ ਵਿਰੋਧੀ ਅਨਸਰ ਆਮ ਕਿਰਾਏਦਾਰ ਬਣ ਕੇ ਲੋਕਾਂ ਦਾ ਨੁਕਸਾਨ ਨਾ ਕਰ ਸਕੇ। ਇਸ ਦੇ ਨਾਲ ਹੀ ਇਸ ਦੀ ਰੋਕਥਾਮ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਕੋਲ ਪੀਜੀ, ਕਿਰਾਏਦਾਰ ਅਤੇ ਨੌਕਰਾਂ ਦੀ ਰਜਿਸਟ੍ਰੇਸ਼ਨ ਬਹੁਤ ਘੱਟ ਹੈ। ਪੀ.ਜੀ., ਕਿਰਾਏਦਾਰਾਂ ਅਤੇ ਨੌਕਰਾਂ ਦਾ ਰਿਕਾਰਡ ਪੁਲਿਸ ਕੋਲ ਦਰਜ ਕਰਵਾਉਣਾ ਜਾਇਦਾਦ ਦੇ ਮਾਲਕ ਦਾ ਫਰਜ਼ ਹੈ। ਇਕ ਜਾਣਕਾਰੀ ਮੁਤਾਬਕ ਜਨਵਰੀ 2016 ਤੋਂ ਅਕਤੂਬਰ 2022 ਦਰਮਿਆਨ ਸਿਰਫ਼ 23,895 ਕਿਰਾਏਦਾਰ ਅਤੇ ਪੇਇੰਗ ਗੈਸਟ ਹੀ ਰਜਿਸਟਰਡ ਹੋਏ ਸਨ।
ਇਹ ਵੀ ਪੜ੍ਹੋ - ਸਿੱਖ ਪ੍ਰਵਾਰ ਦੀ ਧੀ ਨਿੱਕੀ ਹੈਲੀ ਲੜ ਸਕਦੀ ਹੈ 2024 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ
ਕੁਝ ਦਿਨ ਪਹਿਲਾਂ ਸੈਕਟਰ 34 ਦੀ ਇੱਕ ਕੋਠੀ ਵਿੱਚ ਨੌਕਰਾਣੀ ਬਜ਼ੁਰਗ ਮਕਾਨ ਮਾਲਕ ਅਤੇ ਮਾਲਕਣ ਨੂੰ ਵਰਗਲਾ ਕੇ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਈ ਸੀ। ਲੁੱਟ ਦੀ ਵਾਰਦਾਤ ਬਜ਼ੁਰਗ ਭੁਪਿੰਦਰ ਸਿੰਘ ਦੇ ਘਰ ਹੋਈ। ਨੌਕਰਾਣੀ ਕਰੀਬ 20 ਲੱਖ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਈ।