
Punjab News : 'ਪ੍ਰਕਾਸ਼ ਬਾਦਲ ਹੀ ਬੰਦੀ ਸਿੰਘਾਂ ਨੂੰ ਜੇਲਾਂ ਤੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਸਨ, ਹੁਣ ਹਰਸਿਮਰਤ ਬਾਦਲ ਕਿਸ ਮੂੰਹ ਨਾਲ ਰਿਹਾਈ ਮੰਗ ਰਹੇ ਨੇ'
Parkash Badal offered me seats in the Vidhan Sabha Pal Singh France News in punjabi : 2010 ’ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ 7 ਝੂਠੇ ਮਾਮਲਿਆਂ ’ਚ ਫਸਾਏ ਗਏ ਪਾਲ ਸਿੰਘ ਫ਼ਰਾਂਸ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁਧ ਇਹ ਸਾਰੇ ਕੇਸ ਸਿਰਫ਼ ਬਾਦਲ ਪ੍ਰਵਾਰ ਦੀਆਂ ਪੰਥ ਵਿਰੋਧੀ ਕਾਰਵਾਈ ਦਾ ਵਿਰੋਧ ਕਾਰਨ ਪਾਏ ਗਏ ਸਨ ਅਤੇ ਝੂਠੇ ਕੇਸ ਮਨਵਾਉਣ ਲਈ ਪੁਲਿਸ ਤਸ਼ੱਦਦ ਵੀ ਕੀਤਾ ਗਿਆ ਸੀ। ਰੋਜ਼ਾਨਾ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਉਨ੍ਹਾਂ ਦੀ 2006 ’ਚ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਹੋਈ ਸੀ ਅਤੇ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣਾ ਵਿਰੋਧ ਛੱਡਣ ਲਈ ਕਿਹਾ ਸੀ।
ਇਹ ਵੀ ਪੜ੍ਹੋ: Punjab News: 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਦੀ ਪੰਜਾਬ ਵਿਚ ਵੀ ਧੂਮ, ਮੰਤਰੀ- ਨੇਤਾ ਖੁਸ਼ੀ ਵਿਚ ਰਹੇ ਝੂਮ
ਉਨ੍ਹਾਂ ਕਿਹਾ, ‘‘ਮੈਨੂੰ ਲਾਲਚ ਦਿਤੇ ਗਏ ਕਿ ‘ਜੇ ਵਿਦੇਸ਼ਾਂ ’ਚ ਸਾਡੇ ਵਿਰੁਧ ਪ੍ਰਚਾਰ ਛੱਡ ਦੇਵੋਗੇ ਤਾਂ ਤੁਹਾਡੇ ਐਸ.ਜੀ.ਪੀ.ਸੀ. ਮੈਂਬਰ ਬਣਾ ਦਿਤੇ ਜਾਣਗੇ, ਤੁਹਾਨੂੰ ਦੋ ਵਿਧਾਨ ਸਭਾ ਸੀਟਾਂ ਦੇ ਦਿਤੀਆਂ ਜਾਣਗੀਆਂ ਜਿੱਥੇ ਤੁਸੀਂ ਖ਼ੁਦ ਲੜ ਸਕਦੇ ਹੋ ਜਾਂ ਕਿਸੇ ਆਪਣੇ ਕਿਸੇ ਹੋਰ ਕਰੀਬੀ ਨੂੰ ਟਿਕਟ ਦੇ ਸਕਦੇ ਹੋ।’ ਪਰ ਮੈਂ ਕਿਹਾ ਕਿ ਮੈਨੂੰ ਇਹ ਕੁੱਝ ਨਹੀਂ ਚਾਹੀਦਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਗੁਰੂ ਨਾਨਕ ਦੀ ਗੋਲਕ ਦੀ ਕੁਵਰਤੋਂ ਛੱਡ ਦਿਉ, ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦਾ ਫੈਸਲਾ ਸੰਗਤ ’ਤੇ ਛੱਡ ਦਿਉ। ਪਰ ਉਨ੍ਹਾਂ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿਤਾ। ਮੈਂ ਕਿਹਾ ਕਿ ਮੈਂ ਤੁਹਾਡਾ ਵਿਰੋਧੀ ਨਹੀਂ ਬਲਕਿ ਸਿਸਟਮ ਦਾ ਵਿਰੋਧੀ ਹਾਂ। ਇਸ ’ਤੇ ਉਨ੍ਹਾਂ ਕਿਹਾ ਕਿ ‘ਫਿਰ ਤੂੰ ਤਕੜਾ ਹੋ ਜਾ।’ ਮੈਂ ਕਿਹਾ ਕਿ ਤੂੰ ਵੀ ਤਕੜਾ ਹੋ ਜਾ।’’
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਤੋਂ ਵੱਡੀ ਖਬਰ, ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਆਪਣੇ ਦੇ ਹੀ ਲਿਖ ਗਏ ਨਾਂ
ਉਨ੍ਹਾਂ ਕਿਹਾ ਕਿ ਉਹ ਫ਼ਰਾਂਸ ਤੋਂ ਭਾਰਤ ਇਸ ਕਾਰਨ ਆਏ ਸਨ ਕਿ ਇਸ ਪੰਥ ਲਈ ਕੁੱਝ ਕਰੀਏ। ਉਨ੍ਹਾਂ ਕਿਹਾ, ‘‘ਪੰਜਾਬ ਦਾ ਸਭਿਆਚਾਰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਸਿੱਖ ਪੰਥ ਨੂੰ ਢਾਹ ਲਾਈ ਜਾ ਰਹੀ ਹੈ ਜਿਸ ਨੂੰ ਬਚਾਉਣ ਲਈ ਮੈਂ ਇੱਥੇ ਆ ਕੇ ਕੁੱਝ ਕਰਨਾ ਚਾਹੁੰਦਾ ਸੀ।’’ ਉਨ੍ਹਾਂ ਅਪਣੇ ਵਿਰੁਧ ਹੋਏ ਕੇਸਾਂ ਬਾਰੇ ਦਸਦਿਆਂ ਕਿਹਾ, ‘‘17 ਜੁਲਾਈ 2010 ਦੀ ਗੱਲ ਹੈ। ਮੈਂ ਮਾਲ ਮੰਡੀ ਅੰਮ੍ਰਿਤਸਰ ’ਚ ਗਿਆ ਸੀ ਜਦੋਂ ਮੇਰੀ ਮੁਲਾਕਾਤ ਨਾਰਾਇਣ ਸਿੰਘ ਚੌੜਾ ਨਾਲ ਹੋਈ। ਉਹ ਸਰਹੱਦ ਨੇੜੇ ਪਾਕਿਸਤਾਨੀ ਬਾਸਮਤੀ ਬੀਜਦੇ ਹੁੰਦੇ ਸਨ ਜਿਸ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ। ਮੈਂ ਵੀ ਇਸ ਦੀ ਖੇਤੀ ਕਰਨ ਦੀ ਸੋਚੀ ਅਤੇ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਤੁਸੀਂ ਸਾਡੇ ਕੋਲੋਂ ਪਨੀਰੀ ਲੈ ਜਾਇਉ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੈਂ ਕੁੱਝ ਦਿਨ ਬਾਅਦ ਉਨ੍ਹਾਂ ਨੂੰ ਫ਼ੋਨ ਕਰ ਕੇ ਨਾਰਾਇਣ ਸਿੰਘ ਚੌੜਾ ਬਾਰੇ ਪੁੱਛਿਆ ਤਾਂ ਅੱਗੇ ਉਸ ਦੇ ਪੁੱਤਰ ਨੇ ਕਿਹਾ ਕਿ ਉਹ ਤਾਂ ਭਗੌੜਾ ਹੋ ਗਿਆ ਹੈ ਪਰ ਪਨੀਰੀ ਤਿਆਰ ਹੈ, ਉਹ ਲੈ ਜਾਉ। ਅਸਲ ’ਚ ਉਨ੍ਹਾਂ ਦਾ ਫ਼ੋਨ ਟਰੇਸ ਹੁੰਦਾ ਸੀ ਅਤੇ ਮੇਰੇ ਫ਼ੋਨ ਕਰਨ ਮਗਰੋਂ ਪੁਲਿਸ ਮੇਰੇ ਕੋਲ ਆ ਗਈ ਅਤੇ ਮੈਨੂੰ ਪੁੱਛ-ਪੜਤਾਲ ਲਈ ਲੈ ਗਈ। ਪੁੱਛ ਪੜਤਾਲ ਦੌਰਾਨ ਮੇਰੇ ’ਤੇ ਦੋਸ਼ ਲਾ ਦਿਤਾ ਗਿਆ ਕਿ ਜਿਹੜੀ ਪਾਕਿਸਤਾਨੀ ਚੀਜ਼ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਤਾਂ ਹਥਿਆਰ ਹੈ। ਮੈਂ ਉਨ੍ਹਾਂ ਨੂੰ ਦਸਿਆ ਕਿ ਮੈਂ ਤਾਂ ਪਾਕਿਸਤਾਨੀ ਬਾਸਮਤੀ ਦੀ ਗੱਲ ਕਰ ਰਿਹਾ ਸੀ ਜੋ ਕੋਈ ਹਥਿਆਰ ਨਹੀਂ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਉਸ ਦਿਨ ਤਾਂ ਮੈਨੂੰ ਛੱਡ ਦਿਤਾ ਪਰ 22 ਜੁਲਾਈ ਨੂੰ ਮੈਨੂੰ ਫਿਰ ਲੈ ਗਏ। ਅਸਲ ’ਚ ਨਾਰਾਇਣ ਸਿੰਘ ਕੋਲ ਇਕ ਮੁੰਡਾ ਰਹਿੰਦਾ ਜੋ ਪਹਿਲਾਂ ਮੇਰੇ ਕੋਲ ਰਿਹਾ ਕਰਦਾ ਸੀ। ਉਸ ਨੇ ਪੁਲਿਸ ਨੂੰ ਕਹਿ ਦਿਤਾ ਸੀ ਕਿ ਨਾਰਾਇਣ ਸਿੰਘ ਮੇਰੇ ਕੋਲ ਹੈ। ਇਸੇ ਕਾਰਨ ਪੁਲਿਸ ਨੂੰ ਮੇਰੇ ’ਤੇ ਸ਼ੱਕ ਹੋ ਗਿਆ ਅਤੇ ਉਨ੍ਹਾਂ ਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿਤੀ ਕਿ ਤੇਰੇ ਕੋਲੋਂ ਨਾਰਾਇਣ ਸਿੰਘ ਦਾ ਪਤਾ ਲੈਣਾ ਹੈ। ਦੂਜਾ ਉਹ ਕਹਿੰਦੇ ਸਨ ਕਿ ਤੇਰਾ ਵਾਹਿਗੁਰੂ ਬੰਦ ਕਰਵਾਉਣਾ ਹੈ। ਉਨ੍ਹਾਂ ’ਚ ਕੋਈ ਇਨਸਾਨੀਅਤ ਤਾਂ ਹੁੰਦੀ ਨਹੀਂ ਸੀ ਕਿਉਂਕਿ ਉਹ ਸ਼ਰਾਬ ਨਾਲ ਰੱਜੇ ਹੁੰਦੇ ਸਨ। ਅਸਲ ’ਚ ਜਦੋਂ ਉਹ ਮੈਨੂੰ ਕੁੱਟਦੇ ਸਨ ਤਾਂ ਮੈਂ ਸਿਮਰਨ ਕਰਦਾ ਸੀ ਅਤੇ ਵਾਹਿਗੁਰੂ ਦੀ ਬਖਸ਼ਿਸ਼ ਸੀ ਕਿ ਮੈਨੂੰ ਦਰਦ ਨਹੀਂ ਹੁੰਦੀ ਸੀ। ਉਨ੍ਹਾਂ ਨੇ ਮੈਨੂੰ ਘੋਟਣਾ ਲਾਇਆ, ਪੁੱਠਾ ਟੰਗ ਕੇ ਕੁੱਟਿਆ, ਨੰਗਾ ਕਰ ਕੇ ਪੂਰੇ ਸਰੀਰ ’ਤੇ ਕਰੰਟ ਲਗਾਇਆ ਅਤੇ ਹੋਰ ਸਾਰਾ ਕੁੱਝ ਕਰ ਕੇ ਵੇਖ ਲਿਆ। ਸ਼ਾਮ ਤੋਂ ਲੈ ਕੇ ਰਾਤ ਦੇ 12-1 ਵਜੇ ਤਕ ਮੈਨੂੰ ਕੁੱਟਦੇ ਰਹੇ। ਪਰ ਸਭ ਤੋਂ ਜ਼ਿਆਦਾ ਮੈਨੂੰ ਮਾਨਸਿਕ ਤਕਲੀਫ਼ ਉਦੋਂ ਹੋਈ ਜਦੋਂ ਉਨ੍ਹਾਂ ਨੇ ਮੇਰੇ ਕੇਸ ਪੁੱਟੇ ਅਤੇ ਮੈਨੂੰ ਬਾਅਦ ’ਚ ਇਕੱਠੇ ਕਰਨੇ ਪਏ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਤਕਾਲੀ ਪੁਲਿਸ ਇੰਸਪੈਕਟਰ ਬਲਬੀਰ ਸਿੰਘ ਲੈ ਕੇ ਗਏ ਜੋ ਬਾਅਦ ’ਚ ਡੀ.ਐਸ.ਪੀ. ਬਣੇ। ਉਨ੍ਹਾਂ ਨਾਲ ਹਰਿੰਦਰਪਾਲ ਸਿੰਘ ਵੀ ਸਨ। ਉਨ੍ਹਾਂ ਕਿਹਾ, ‘‘ਉਹ ਮੈਨੂੰ ਮੇਰੀ ਗੱਡੀ ’ਚ ਹੀ ਲੈ ਕੇ ਗਏ ਅਤੇ ਦਸਿਆ ਸੀ ਕਿ ਤੈਨੂੰ ਗੱਡੀ ਸਮੇਤ ਤਾਂ ਲੈ ਕੇ ਜਾ ਰਹੇ ਹਾਂ ਕਿ ਤੈਨੂੰ ਕੁੱਟਮਾਰ ਕਰ ਕੇ ਮਾਰ ਦੇਵਾਂਗੇ ਅਤੇ ਗੱਡੀ ਅੰਦਰ ਬਿਠਾ ਕੇ ਕਿਸੇ ਦਰੱਖ਼ਤ ਨਾਲ ਮਾਰ ਕੇ ਐਕਸੀਡੈਂਟ ਦਾ ਕੇਸ ਬਣਾ ਦਿਤਾ ਜਾਵੇਗਾ। ਪਰ ਮੈਂ ਕਿਹਾ ਕਿ ਤੇਰੇ ਕੋਲ ਕੋਈ ਰੱਬ ਦੀ ਚਿੱਠੀ ਹੈ ਕਿ ਮੇਰੀ ਮੌਤ ਤੇਰੇ ਹੱਥੋਂ ਹੋਵੇਗੀ, ਜਿਸ ਤੋਂ ਬਾਅਦ ਉਹ ਹੋਰ ਜ਼ਿਆਦਾ ਚਿੜ ਗਏ।’’
ਇਸ ਤੋਂ ਬਾਅਦ 3 ਅਗਸਤ ਨੂੰ ਉਨ੍ਹਾਂ ਨੂੰ ਖਰੜ ਬ੍ਰਾਂਚ ਲੈ ਕੇ ਗਏ ਤਾਂ ਤਤਕਾਲੀ ਏ.ਡੀ.ਜੀ.ਪੀ. ਸੁਰੇਸ਼ ਅਰੋੜਾ (ਜੋ ਬਾਅਦ ’ਚ ਡੀ.ਐਸ.ਪੀ. ਬਣੇ) ਹੁੰਦੇ ਸਨ। ਉਨ੍ਹਾਂ ਕਿਹਾ, ‘‘ਮੈਨੂੰ ਦਸਿਆ ਗਿਆ ਕਿ ਤੈਨੂੰ ਇਸ ਕਾਰਨ ਲੈ ਕੇ ਆਏ ਹਾਂ ਕਿ ਤੂੰ ਦੇਸ਼-ਵਿਦੇਸ਼ ’ਚ ਬਾਦਲ ਪਰਵਾਰ ’ਤੇ ਗੁਰਦੁਆਰਿਆਂ ’ਚ ਜਾਣ ’ਤੇ ਪਾਬੰਦੀ ਲਗਾਈ ਹੈ। ਪਰ ਮੈਂ ਕਿਹਾ ਕਿ ਮੈਂ ਏਨਾ ਕਮੀਨਾ ਇਨਸਾਨ ਨਹੀਂ ਕਿ ਕਿਸੇ ਦੇ ਗੁਰਦੁਆਰੇ ’ਚ ਆਣ-ਜਾਣ ’ਤੇ ਪਾਬੰਦੀ ਲਾ ਦੇਵਾਂ। ਜੇਕਰ ਲਗਾ ਵੀ ਦੇਵਾਂ ਤਾਂ ਇਕ-ਦੋ ਗੁਰਦੁਆਰਿਆਂ ਲਗਾ ਸਕਦਾ ਹਾਂ ਦੁਨੀਆਂ ਭਰ ’ਚ ਹਜ਼ਾਰਾਂ ਗੁਰਦੁਆਰੇ ਹਨ ਉਨ੍ਹਾਂ ’ਚ ਮੇਰਾ ਕੋਈ ਅਸਰ ਨਹੀਂ ਹੈ? ਮੈਂ ਕਿਹਾ ਕਿ ਇਨ੍ਹਾਂ ’ਤੇ ਪਾਬੰਦੀ ਤਾਂ ਗੁਰੂ ਨਾਨਕ ਦੀ ਗੋਲਕ ਦੀ ਅਤੇ ਤਾਕਤ ਦੀ ਕੁਵਰਤੋਂ ਕਰਦੇ ਹਨ ਜਿਸ ਕਾਰਨ ਵਿਦੇਸ਼ਾਂ ’ਚ ਵਸਦੇ ਲੋਕ ਬਾਦਲ ਪਰਵਾਰ ਨੂੰ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਖ਼ੁਦ ਹੀ ਇਨ੍ਹਾਂ ’ਤੇ ਪਾਬੰਦੀ ਲਾਈ ਹੋਈ ਹੈ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਿਹਾਅ ਕਰਨ ਬਦਲੇ ਲਾਲਚ ਦਿਤਾ ਗਿਆ ਕਿ ਉਹ ਬਾਦਲ ਪਰਵਾਰ ਦੇ ਪੱਖ ’ਚ ਬਿਆਨ ਜਾਰੀ ਕਰ ਦੇਣ। ਉਨ੍ਹਾਂ ਕਿਹਾ, ‘‘ਪਰ ਮੈਂ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਜੇਲ ’ਚ ਰਹਿ ਸਕਦਾ ਹਾਂ ਪਰ ਇਸ ਕੰ... ਪਰਵਾਰ ਦੇ ਹੱਕ ’ਚ ਬਿਆਨ ਨਹੀਂ ਦੇਵਾਂਗਾ। ਫਿਰ ਉਸ ਨੇ ਦੂਜੀ ਗੱਲ ਨਹੀਂ ਕਹੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ’ਤੇ ਯੂ.ਏ.ਪੀ.ਏ. ਦਾ ਕੇਸ ਪਾ ਦਿਤਾ ਗਿਆ ਕਿ ਮੇਰੀ ਗੱਡੀ ’ਚ ਕੋਈ ਬੰਦਾ ਹਥਿਆਰ ਦੇਣ ਗਿਆ। ਉਹ ਅਜਿਹਾ ਬੰਦਾ ਸੀ ਜੋ ਮੈਨੂੰ ਜਾਣਦਾ ਵੀ ਨਹੀਂ ਸੀ। ਜਦਕਿ ਜਿਸ ਸਮੇਂ ਇਹ ਹਥਿਆਰਾਂ ਵਾਲੀ ਘਟਨਾ ਵਾਪਰੀ ਉਸ ਸਮੇਂ ਮੈਂ ਇੰਗਲੈਂਡ ’ਚ ਸੀ। ਫਿਰ ਇਹ ਕੇਸ ਹੀ ਵਾਪਸ ਲੈ ਲਿਆ ਗਿਆ।’’ ਉਨ੍ਹਾਂ ਕਿਹਾ ਕਿ ਉਸ ਸਮੇਂ ਉਹ ਇੰਗਲੈਂਡ ਦੀ ਸੰਸਦ ’ਚ ਸਨ ਅਤੇ ਉਥੇ ਸਿੱਖਾਂ ’ਤੇ ਹੁੰਦੇ ਤਸ਼ੱਦਦ ਅਤੇ ਸਿੱਖ ਪੰਥ ਨੂੰ ਲਾਈ ਜਾ ਰਹੀ ਢਾਹ ਬਾਰੇ ਮਸਲੇ ਚੁਕਦੇ ਸਨ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ’ਤੇ 7 ਯੂ.ਏ.ਪੀ.ਏ. ਕੇਸ ਪਾ ਦਿਤੇ ਗਏ ਜੋ 7 ਸਾਲ 28 ਦਿਨਾਂ ਬਾਅਦ ਅਦਾਲਤ ’ਚ ਝੂਠੇ ਸਾਬਤ ਹੋਏ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਦੇ ਇਕ ਸੈਸ਼ਨ ਜੱਜ ਨੇ ਜਦੋਂ ਉਨ੍ਹਾਂ ਨੂੰ ਦੇਸ਼ ਵਿਰੁਧ ਜੰਗ ਛੇੜਨ ਦਾ ਕੇਸ ਰੱਦ ਕਰ ਦਿਤਾ ਗਿਆ ਤਾਂ ਉਸ ਦੀ ਉਸੇ ਦਿਨ ਹੀ ਬਦਲੀ ਕਰ ਦਿਤੀ ਗਈ ਅਤੇ ਕਾਰਨ ਦਸਿਆ ਗਿਆ ਕਿ ‘ਇਹ ਕੇਸ ਸੈਸ਼ਨ ਜੱਜ ਅਤੇ ਐਡੀਸ਼ਨਲ ਪਹਿਲਾ ਜੱਜ ਹੀ ਸੁਣ ਸਕਦਾ ਹੈ ਅਤੇ ਤੁਸੀਂ ਐਡੀਸ਼ਨਲ ਚੌਥੇ ਜੱਜ ਹੋ ਤੁਸੀਂ ਇਹ ਕੇਸ ਨਹੀਂ ਸੁਣ ਸਕਦੇ।’ ਉਨ੍ਹਾਂ ਕਿਹਾ, ‘‘ਇਹ ਹਾਲਾਤ ਹਨ ਇਥੋਂ ਦੇ ਸਿਸਟਮ ਦੇ। ਮੈਂ ਜਦੋਂ ਵਿਦੇਸ਼ਾਂ ’ਚ ਰਹਿੰਦਾ ਸੀ ਤਾਂ ਇਹੋ ਜਿਹੀਆਂ ਗੱਲਾਂ ਸੁਣ ਕੇ ਸੋਚਦਾ ਸੀ ਕਿ ਏਨੀ ਬੇਇਨਸਾਫ਼ੀ ਕਿਸ ਤਰ੍ਹਾਂ ਹੋ ਸਕਦੀ ਹੈ। ਪਰ ਜਦੋਂ ਮੇਰੇ ਨਾਲ ਖ਼ੁਦ ਹੋਈ ਤਾਂ ਮੈਨੂੰ ਪਤਾ ਲੱਗਾ ਕਿ ਇਹ ਸਭ ਸੱਚ ਹੈ।’’
ਉਨ੍ਹਾਂ ਕਿਹਾ, ‘‘ਬਾਦਲਾਂ ਨੂੰ ਪਤਾ ਸੀ ਕਿ ਬੇਅਦਬੀਆਂ ਕੌਣ ਕਰਵਾ ਰਿਹਾ ਹੈ। ਉਨ੍ਹਾਂ ਨੂੰ ਪਤਾ ਸੀ ਕਿ ਬਹਿਬਲ ਕਲਾਂ ’ਚ ਸਿੰਘਾਂ ਨੂੰ ਕਿਸ ਨੇ ਸ਼ਹੀਦ ਕੀਤਾ। ਇਹੀ ਕਹਿੰਦੇ ਰਹੇ ਨੇ ਕਿ ਜੋ ਬੰਦੀ ਸਿੰਘ ਹਨ ਉਹ ਜੇਲਾਂ ਤੋਂ ਬਾਹਰ ਨਹੀਂ ਆਉਣੇ ਚਾਹੀਦੇ, ਪੰਜਾਬ ਨਹੀਂ ਆਉਣੇ ਚਾਹੀਦੇ ਕਿਉਂਕਿ ਅਤਿਵਾਦੀ ਨੇ, ਕਾਤਲ ਨੇ। ਹੁਣ ਉਹ ਕਿਹੜੇ ਮੂੰਹ ਨਾਲ ਸੰਸਦ ਕਹਿ ਰਹੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ। ਇਨ੍ਹਾਂ ਨੇ ਤਾਂ ਮੱਸੇ ਰੰਘੜ ਤੋਂ ਵੀ ਵੱਧ ਪੰਥ ਨੂੰ ਢਾਹ ਲਾਈ ਹੈ।’’
ਕੁਲਦੀਪ ਸਿੰਘ ਭੋੜੇ ਦੀ ਰਿਪੋਰਟ
(For more Punjabi news apart from 'Parkash Badal offered me seats in the Vidhan Sabha Pal Singh France News in punjabi, stay tuned to Rozana Spokesman)