
ਅਕਾਲੀ ਦਲ ਆਪਣੀ ਮਰਜੀ ਨਾਲ ਭਰਤੀ ਕਰ ਰਿਹਾ : ਬੀਬੀ ਜਗੀਰ ਕੌਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਜਨਵਰੀ ਤੋਂ ਭਰਤੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਲੈ ਕੇ ਬੀਬੀ ਜਗੀਰ ਨੇ ਇਲਜ਼ਾਮ ਲਗਾਇਆ ਹੈ ਕਿ ਅਕਾਲੀ ਦਲ ਆਪਣੀ ਮਰਜੀ ਨਾਲ ਭਰਤੀ ਕਰ ਰਿਹਾ ਹੈ ਅਤੇ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਤੋਂ ਜੋ ਹੁਕਮ ਸੁਣਾਇਆ ਗਿਆ ਸੀ ਉਸ ਤੋਂ ਅਕਾਲੀ ਦਲ ਮੁਨਕਰ ਹੋ ਗਿਆ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਨੂੰ ਰਾਜਨੀਤੀ ਦੇ ਖੇਤਰ ਵਿੱਚ ਅਗਵਾਈ ਦਿੰਦਾ ਹੈ। ਅਕਾਲੀ ਦਲ ਨੇ ਹੁਕਮਨਾਮਾ ਨਹੀਂ ਮੰਨਿਆ ਜਿਸ ਨਾਲ ਸਿੱਖ ਕੌਮ ਵੀ ਨਿਰਾਸ਼ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਪੁਨਰ ਸੁਰਜੀਤ ਹੋਣਾ ਲਾਜ਼ਮੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ,"ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਝੂਠ ਬੋਲਿਆ ਹੈ। ਅਕਾਲ ਤਖ਼ਤ ਸਰਬਉੱਚ ਹੈ। ਇਸ ਲਈ ਹੁਕਮ ਦੀ ਪਾਲਣਾ ਕਰਨਾ ਸਾਡਾ ਫ਼ਰਜ ਹੈ। ਅਕਾਲੀ ਦਲ ਨੂੰ ਤਖ਼ਤ ਦੇ ਹੁਕਮ ਨੂੰ ਇੰਨ-ਬਿਨ ਮੰਨਣਾ ਚਾਹੀਦਾ ਹੈ। 20-25 ਦਿਨਾਂ ਵਿੱਚ 50 ਲੱਖ ਭਰਤੀ ਕਿਵੇ ਹੋ ਸਕਦੀ ਹੈ? ਅਕਾਲੀ ਦਲ ਤੋਂ ਲੋਕ ਪਰੇਸ਼ਾਨ ਹਨ।"
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਆਖਰੀ ਉਮੀਦ ਵੀ ਗੁਆ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਧਾਮੀ ਉਸ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਹਨ ਅਤੇ ਤੁਰੰਤ ਸਾਰਿਆਂ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਹੁਕਮ ਦੀ ਪਾਲਣਾ ਨਹੀਂ ਕੀਤੀ ਗਈ, ਤਾਂ ਉਹ ਸਾਰੇ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਵਿਖੇ ਅਪੀਲ ਕਰਨਗੇ ਅਤੇ ਸੰਗਤ ਦੀ ਕਚਹਿਰੀ ਵਿੱਚ ਜਾਣਗੇ।