
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਹੋਈ। ਇਸ ਇਕੱਤਰਤਾ ਵਿਚ ਫ਼ੈਸਲਾ ਲਿਆ ਗਿਆ ਕਿ..
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਹੋਈ। ਇਸ ਇਕੱਤਰਤਾ ਵਿਚ ਫ਼ੈਸਲਾ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਦਾ ਅਗਾਮੀ ਬਜਟ 30 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਚ ਜੈਤੋ ਦੇ ਸ਼ਹੀਦ ਭਾਈ ਦਇਆ ਸਿੰਘ, ਸੰਤ ਗਿਆਨੀ ਵਰਿਆਮ ਸਿੰਘ ਧੂਲਕੋਟ, ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ, ਸ. ਮਨਜੀਤ ਸਿੰਘ ਕਲਕੱਤਾ, ਸ. ਧੰਨਾ ਸਿੰਘ ਗੁਲਸ਼ਨ,
ਸ. ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਿੰਸੀਪਲ ਚੰਨਣ ਸਿੰਘ ਜੀ ਮਜਬੂਰ, ਭਾਈ ਅਵਤਾਰ ਸਿੰਘ ਬੱਬਰ ਅਤੇ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਗਰਲਜ਼ ਝਾੜ ਸਾਹਿਬ ਦੀ ਵਿਦਿਆਰਥਣ ਮਨਦੀਪ ਕੌਰ ਨੂੰ ਹੱਪ ਕਵਾਨ ਡੂ ਖੇਡ ਵਿਚ ਨੈਸ਼ਨਲ ਪੱਧਰ 'ਤੇ ਸਿਲਵਰ ਮੈਡਲ ਜਿੱਤਣ 'ਤੇ 31 ਹਜ਼ਾਰ ਰੁਪਏ, ਸਿਰੋਪਾਉ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਤ ਕੀਤਾ ਗਿਆ।
ਉਨ੍ਹਾਂ ਨਾਲ ਪ੍ਰਿੰਸੀਪਲ ਡਾ. ਰਜਿੰਦਰ ਕੌਰ ਵੀ ਹਾਜ਼ਰ ਸਨ। ਪਿੰਡ ਚੱਕਰ ਲੁਧਿਆਣਾ ਦੀ ਬੀਬੀ ਸਿਮਰਨਜੀਤ ਕੌਰ ਨੂੰ ਬੋਕਸਿੰਗ ਵਿਚ ਕਾਂਸੀ ਦਾ ਤਮਗ਼ਾ ਜਿੱਤਣ 'ਤੇ 21 ਹਜ਼ਾਰ ਰੁਪਏ ਅਤੇ ਗੁਰਸਿੱਖ ਬੱਚੇ ਨਵਤੇਜ ਸਿੰਘ ਕਰਤਾਰਪੁਰ ਨੂੰ ਬਾਡੀ ਬਿਲਡਰ ਵਿਚ ਇੰਟਰਨੈਸ਼ਨਲ ਪੱਧਰ 'ਤੇ ਕਈ ਤਮਗ਼ੇ ਪ੍ਰਾਪਤ ਕਰਨ ਕਾਰਨ 51 ਹਜ਼ਾਰ ਰੁਪਏ ਨਾਲ ਸਨਮਾਨਤ ਕਰਨ ਦਾ ਐਲਾਨ ਵੀ ਕੀਤਾ ਗਿਆ।