
ਡੀ.ਜੀ.ਪੀ. ਨੂੰ ਕਿਹਾ, ਡਰਾਮੇ ਨਹੀਂ ਕਰਨੇ, ਮੈਂ ਹਾਜ਼ਰ ਹਾਂ
ਚੰਡੀਗੜ੍ਹ : ਸਿਹਤ ਠੀਕ ਨਾ ਰਹਿਣ ਕਰ ਕੇ ਵਿਧਾਨ ਸਭਾ ਦੀਆਂ ਬੈਠਕਾਂ ਤੋਂ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਦੱਸ ਕੇ ਲਾਂਭੇ ਰਹਿਣ ਉਪਰੰਤ ਅੱਜ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਤੋਂ ਇਥੇ ਪਹੁੰਚ ਕੇ ਮੀਡੀਆ ਨੂੰ ਦਸਿਆ ਕਿ ਉਹ ਖ਼ੁਦ ਜੇਲ ਜਾਣ ਲਈ ਤਿਆਰ ਹਨ ਅਤੇ ਕਾਂਗਰਸ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਡਰਾਮੇ ਨਾ ਕਰੇ। ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਵਾਲੇ ਦਫ਼ਤਰ ਵਿਚ ਸ਼ਾਮੀ ਪ੍ਰੈੱਸ ਕਾਨਫ਼ਰੰਸ ਦੌਰਾਨ 5 ਵਾਰ ਮੁੱਖ ਮੰਤਰੀ ਰਹੇ 93 ਸਾਲਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਉਨ੍ਹਾਂ ਨੇ ਦਸ ਦਿਤਾ ਹੈ
ਜਿਥੇ ਵੀ ਚਾਹੋ, ਜਿਸ ਸਮੇਂ ਮਰਜ਼ੀ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਉ, ਐਵੇਂ ਡਰਾਮੇ ਨਹੀਂ ਕਰਨੇ ਅਤੇ ਸਰਕਾਰ ਤੇ ਪੁਲਿਸ ਦਾ ਸਮਾਂ ਜਾਂ ਮਸ਼ੀਨਰੀ ਐਵੇਂ ਖ਼ਰਾਬ ਨਹੀਂ ਕਰਨਾ। ਵੱਡੇ ਬਾਦਲ ਨੇ ਤਾੜਨਾ ਕੀਤੀ ਕਿ ਉਨ੍ਹਾਂ ਹਮੇਸ਼ਾ, ਸਿੱਖ ਪੰਥ, ਪੰਜਾਬ ਦੇ ਲੋਕਾਂ ਤੇ ਦੇਸ਼ ਵਾਸਤੇ ਸੇਵਾ ਕੀਤੀ ਹੈ ਅਤੇ ਕਾਂਗਰਸ ਦੇ ਜ਼ੁਲਮ ਜਬਰ ਅੰਨ੍ਹੀ ਸਿਆਸੀ ਬਦਲਾਖੋਰੀ ਦਾ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ,''ਮੈਂ ਨਹਿਰੂ, ਇੰਦਰਾ ਗਾਂਧੀ ਤੋਂ ਨਹੀਂ ਡਰਿਆ ਅਤੇ ਐਮਰਜੈਂਸੀ ਵੇਲੇ 19 ਮਹੀਨੇ ਪੰਚਮੜ੍ਹੀ (ਮੱਧ ਪ੍ਰਦੇਸ਼) ਜੇਲ ਵਿਚ ਕੱਟੇ ਅਤੇ ਕਾਂਗਰਸ ਦੀ ਬਦਲਾਖੋਰੀ ਸਿਆਸਤ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ।''
ਵੱਡੇ ਬਾਦਲ ਨੇ ਕਿਹਾ ਕਿ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਉਹ ਅਪਣੇ ਆਪ ਨੂੰ ਖ਼ੁਸ਼ ਕਿਸਮਤ ਸਮਝਦੇ ਹਨ ਕਿ ਜੇਲ ਚਲੇ ਜਾਣ। ਸਾਲ 2002 ਤੋਂ 2007 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਉਨ੍ਹਾਂ ਅਤੇ ਘਰ ਵਾਲੀ ਮਰਹੂਮ ਬੀਬੀ ਸੁਰਿੰਦਰ ਕੌਰ ਅਤੇ ਸੁਖਬੀਰ ਬਾਦਲ ਸਮੇਤ 11 ਅਕਾਲੀ ਮੰਤਰੀਆਂ ਵਿਰੁਧ ਦਰਜ ਕੀਤੇ ਮੁਕੱਦਮਿਆਂ ਬਾਰੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਮਾਮਲਿਆਂ ਵਿਚੋਂ ਉਹ ਬਰੀ ਹੋ ਚੁਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਸ ਦੇ ਕਈ ਹੋਰ ਸਾਥੀ ਮੰਤਰੀ, ਕਾਂਗਰਸ ਪ੍ਰਧਾਨ, ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਬਹਿਬਲ ਕਲਾਂ ਤੇ ਕੋਟਕਪੂਰੇ ਦੀਆਂ ਘਟਨਾਵਾਂ ਸਬੰਧੀ ਕਹਿ ਰਹੇ ਹਨ ਕਿ ''ਬਾਦਲਾਂ ਨੂੰ ਅੰਦਰ ਕਰਨਾ'' ਹੈ
ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਕਾਂਗਰਸ ਦੇ ਮੁੱਖ ਮੰਤਰੀ, ਪ੍ਰਧਾਨ ਤੇ ਪਾਰਟੀ, ਸਿੱਖ ਪੰਥ ਵਿਰੋਧੀ ਹੋਣ ਦਾ ਸਬੂਤ ਬਣਾ ਕੇ, ਸਿਆਸੀ ਬਦਲਾਖ਼ੋਰੀ ਦੀ ਅਪਣੀ ਪਿਆਸ ਬੁਝਾਉਣਾ ਚਾਹੁੰਦੀ ਹੈ। ਇਸੇ ਕਾਂਗਰਸ ਸਰਕਾਰ ਨੇ 1984 ਵਿਚ ਦਰਬਾਰ ਸਾਹਿਬ, ਅਕਾਲ ਤਖ਼ਤ ਨੂੰ ਢਾਹਿਆ, ਨਵੰਬਰ 84 ਵਿਚ ਹਜ਼ਾਰਾਂ ਸਿੱਖ ਮਾਰੇ ਅਤੇ ਹੁਣ ਵੀ ਰਣਜੀਤ ਸਿੰਘ ਕਮਿਸ਼ਨ ਦਾ ਡਰਾਮਾ ਕੀਤਾ, ਸਪੈਸ਼ਲ ਪੜਤਾਲੀਆ ਟੀਮ ਬਣਾਈ, ਰੀਪੋਰਟ ਆਉਣ ਤੋਂ ਪਹਿਲਾਂ ਹੀ ਵਿਧਾਨ ਸਭਾ ਵਿਚ ਬੀਤੇ ਦਿਨ, ਮੁੱਖ ਮੰਤਰੀ ਨੇ 'ਸਿਖਰਲੇ' ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਿਸ ਤੋਂ ਸਪਸ਼ਟ ਹੈ ਕਿ 'ਮੇਰੇ 'ਤੇ ਦੋਸ਼' ਮੜ੍ਹਿਆ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ, ਕਾਂਗਰਸ ਸਰਕਾਰ ਇਸ ਦਾ ਮੁੱਖ ਮੰਤਰੀ, ਇਸ ਦੇ ਕਈ ਮੰਤਰੀ ਕਈ ਵਾਰ ਐਲਾਨ ਕਰ ਚੁਕੇ ਹਨ ਕਿ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰੋ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਕਾਂਗਰਸ ਇਕ ਵਾਰ ਫਿਰ ਗੁਰਦਵਾਰਿਆਂ 'ਤੇ ਕੰਟਰੋਲ ਕਰਨਾ ਚਾਹੁੰਦੀ ਹੈ ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਵੇਗੀ ਤੇ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ।
ਮੀਡੀਆ ਵਲੋਂ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਬਤੌਰ ਮੁੱਖ ਮੰਤਰੀ ਹਮੇਸ਼ਾ ਸਵੇਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨਾਲ ਫ਼ੋਨ 'ਤੇ ਸੰਪਰਕ ਕਰਨ ਦਾ ਪ੍ਰੋਗਰਾਮ ਤਿਆਰ ਕੀਤਾ ਹੁੰਦਾ ਸੀ ਤੇ ਰੋਜ਼ਾਨਾ ਰਾਤ ਤਕ ਪੰਜਾਬ ਦੀ ਸ਼ਾਂਤੀ ਅਮਨ ਵਾਸਤੇ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਕਾਇਮ ਰੱਖਦਾ ਸੀ।