
ਮਾੜੇ ਤੱਤਾਂ ਵਲੋਂ ਗ਼ਲਤ ਵਰਤੋਂ ਕੀਤੇ ਜਾਣ ਦੇ ਖਦਸ਼ੇ ਵਿਰੁਧ ਸਖ਼ਤ ਨਿਗਰਾਨੀ ਕਰਨ ਦੀ ਲੋੜ ਦੁਹਰਾਈ
ਚੰਡੀਗੜ੍ਹ•: ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਨੇ ਬੀਤੇ ਦਿਨੀਂ ਇਕ ਅੰਗਰੇਜ਼ੀ ਅਖ਼ਬਾਰ 'ਚ ਉਨ੍ਹਾਂ ਵਲੋਂ ਦਿਤੇ ਬਿਆਨ ਨੂੰ ਗ਼ਲਤ ਸਮਝੇ ਜਾਣ ਜਾਂ ਜਾਣਬੁੱਝ ਕੇ ਗ਼ਲਤ ਤਰੀਕੇ ਨਾਲ ਪੇਸ਼ ਕਰਨ 'ਤੇ ਡੂੰਘਾ ਰੋਸ ਜ਼ਾਹਰ ਕੀਤਾ ਹੈ। ਜਾਰੀ ਬਿਆਨ 'ਚ ਉਨ੍ਹਾਂ ਕਿਹਾ ਕਿ ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ 'ਤੇ ਬਹੁਤ ਖੁਸ਼ ਹੋਇਆ ਜਿਸ ਨੇ ਮੇਰੇ ਵਰਗੇ ਉਨ੍ਹਾਂ ਲੱਖਾਂ ਸ਼ਰਧਾਲੂਆਂ ਦੀਆਂ ਦਹਾਕਿਆਂ ਪੁਰਾਣੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ।
Photo
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਤੇ ਇਸ ਦੀਆਂ ਸਾਰੀਆਂ ਏਜੰਸੀਆਂ, ਜਿਨ੍ਹਾਂ ਵਿਚ ਪੰਜਾਬ ਪੁਲਿਸ ਸ਼ਾਮਲ ਹੈ, ਨੇ ਇਤਿਹਾਸਕ ਸਮਾਗਮ ਨੂੰ ਸਫਲਤਾਪੂਰਵਕ ਮਨਾਉਣ ਲਈ ਬੜੀ ਸ਼ਰਧਾ ਅਤੇ ਵਚਨਬੱਧਤਾ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ“ਸੂਬੇ ਦਾ ਡੀ.ਜੀ.ਪੀ ਹੋਣ ਦੇ ਨਾਤੇ, ਮੈਂ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਨਿਰਵਿਘਨ ਪਹੁੰਚ ਦੀ ਸਹੂਲਤ ਸਬੰਧੀ ਕੰਮ ਕਰਨਾ ਜਾਰੀ ਰੱਖਾਂਗੇ।
Photo
ਉਨ੍ਹਾਂ ਕਿਹਾ ਕਿ ਰਾਜ ਦੇ ਡੀਜੀਪੀ ਵਜੋਂ ਉਨ੍ਹਾਂ ਸੂਬਾ ਪੁਲਿਸ ਨੂੰ, ਜੋ ਕਿ ਸਰਹੱਦ ਪਾਰੋਂ ਫ਼ੰਡ ਅਤੇ ਸਹਾਇਤਾ ਪ੍ਰਾਪਤ ਹਿੰਸਕ ਅਤਿਵਾਦ ਵਿਰੁੱਧ ਲਗਾਤਾਰ ਲੜਾਈ ਦਾ ਸਾਹਮਣਾ ਕਰ ਰਹੀ ਹੈ, ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਭਾਰਤ ਪ੍ਰਤੀ ਦੁਸ਼ਮਣੀ ਰੱਖਦੇ ਬਦਨਾਮ ਅਨਸਰਾਂ ਅਤੇ ਹਰ ਮੌਕੇ ਦਾ, ਇਥੋਂ ਤਕ ਕਿ ਸਭ ਤੋਂ ਪਵਿੱਤਰ ਸਥਾਨਾਂ ਦਾ ਵੀ ਨਜਾਇਜ਼ ਲਾਭ ਉਠਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਚੌਕਸ ਰਹਿਣ ਲਈ ਕਿਹਾ ਹੈ ਜੋ ਕਿ ਦੇਸ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਤੱਤਪਰ ਰਹਿੰਦੇ ਹਨ।
Photo
ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਸਿਰਫ਼ ਪੰਜਾਬ ਅਤੇ ਭਾਰਤ ਦੀ ਸੁਰੱਖਿਆ ਅਤੇ ਰੱਖਿਆ ਨਾਲ ਸਬੰਧਤ ਸਨ। ਇਨ੍ਹਾਂ ਟਿੱਪਣੀਆਂ ਵਿਚ ਕਿਸੇ ਧਰਮ ਜਾਂ ਫਿਰਕੇ ਦਾ ਬਿਲਕੁਲ ਕੋਈ ਸੰਕੇਤ ਨਹੀਂ ਸੀ ਪਰ ਬੱਸ ਇਹ ਸੀ ਕਿ ਗੁਆਂਢੀ ਦੁਸ਼ਮਣ ਦੇਸ਼ ਵਿਚ ਸਥਿਤ ਕੁਝ ਦੇਸ਼ ਵਿਰੋਧੀ ਤੱਤ ਇਸ ਅਵਸਰ ਦੀ ਦੁਰਵਰਤੋਂ ਕਰ ਸਕਦੇ ਹਨ ਅਤੇ ਇਸ ਲਈ ਸਾਨੂੰ ਦੇਸ਼ ਦੇ ਹਿੱਤ ਵਿਚ ਅਜਿਹੇ ਸੰਭਾਵਿਤ ਖ਼ਤਰਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
Photo
ਡੀਜੀਪੀ ਨੇ ਕਿਹਾ ਕਿ ਉਹ ਖੁਦ ਨਵੰਬਰ 2019 ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਪਹਿਲੇ ਯਾਤਰੀ ਜਥੇ ਮੌਕੇ ਉਥੇ ਸਨ ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸਰਹੱਦ ਪਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿਚ ਪੰਜਾਬ ਪੁਲਿਸ ਨੇ 51,000 ਤੋਂ ਵੱਧ ਸ਼ਰਧਾਲੂਆਂ ਦੀ ਸਹਾਇਤਾ ਕੀਤੀ ਹੈ ਅਤੇ ਅੱਗੋਂ ਵੀ ਅਸੀਂ ਇਸ ਨੂੰ ਯਕੀਨੀ ਬਣਾਉਣਾ ਜਾਰੀ ਰੱਖਾਂਗੇ।