
ਕੀ ਭਾਜਪਾ ਨੂੰ ਮੁੜ ਨਿੱਜੀ ਹਿਤਾਂ ਲਈ ਵਰਤਣ ਦੇ ਰਾਹ ਪੈ ਜਾਣਗੇ ਬਾਦਲ?
ਚੰਡੀਗੜ੍ਹ : ਭਾਜਪਾਈਆਂ ਨੂੰ ਦਿੱਲੀ ਚੋਣਾਂ 'ਚ ਕਰਾਰੀ ਹਾਰ ਮਿਲਣ 'ਤੇ ਉਹ ਹੁਣ ਅਰਸ਼ ਤੋਂ ਫ਼ਰਸ਼ 'ਤੇ ਆ ਗਏ ਹਨ ਜੋ ਪੰਜਾਬ 'ਚ ਅਪਣਾ ਵੱਖਰਾ ਝੰਡਾ ਝੁਲਾਉਣ ਅਤੇ ਸੂਬੇ ਦਾ ਮੁੱਖ ਮੰਤਰੀ ਬਣਾਉਣ ਲਈ 59 ਸੀਟਾਂ ਦੀ ਮੰਗ ਕਰਨ ਲਗ ਪਏ ਸਨ। ਇਹ ਚੋਣਾਂ ਜਿੱਥੇ ਭਾਜਪਾ ਨੂੰ ਗਹਿਰਾ ਗਮ ਦੇ ਗਈਆਂ ਹਨ ਉਥੇ ਸ਼੍ਰੋਮਣੀ ਅਕਾਲੀ ਦਲ ਨੂੰ ਦਮ ਦਿਖਾਉਣ ਦਾ ਵਕਤੀ ਮੌਕਾ ਸਾਬਤ ਹੋਈਆਂ ਹਨ।
Photo
ਕੌਮੀ ਰਾਜਧਾਨੀ 'ਚ ਸਿਆਸੀ ਮਾਤ ਖਾਣ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝ ਪਾਉਣ ਲਈ ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਗਏ ਭਾਜਪਾ ਦੇ ਕੌਮੀਂ ਪ੍ਰਧਾਨ ਜੇ.ਪੀ. ਨੱਢਾ ਨੇ ਬੰਦ ਕਮਰੇ 'ਚ ਬੈਠਕ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਸੁਨੇਹਾ ਪਹੁੰਚਾਉਣ ਦੀਆਂ ਚਰਚਾਵਾਂ ਹਨ। ਪੰਜਾਬ ਦੇ ਸਿਆਸੀ ਹਲਕੇ ਹੈਰਾਨੀ 'ਚ ਹਨ ਕਿ ਦਿੱਲੀ ਗਏ ਬਾਦਲਾਂ ਨੂੰ ਨਾ ਮਿਲਣ ਵਾਲੀ ਭਾਜਪਾ ਦੀ ਉਚ ਲੀਡਰਸ਼ਿਪ ਇਕਦਮ ਹੀ ਪਾਸਾ ਪਲਟ ਗਈ।
Photo
ਕਾਬਲੇਗੌਰ ਹੈ ਕਿ ਭਾਜਪਾ-ਅਕਾਲੀ ਗਠਜੋੜ ਦੀਆਂ ਤਰੇੜਾਂ ਪੈਣ ਕਰ ਕੇ ਹੀ ਪੰਜਾਬੀਆਂ ਖਾਸ ਕਰ ਕੇ ਸਿੱਖ ਕੌਮ ਨੂੰ ਰਾਹਤ ਮਿਲੀ ਸੀ ਕਿ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰਵਾਉਣ ਦਾ ਰਾਹ ਪਧਰਾ ਹੋ ਜਾਵੇਗਾ ਜੋ ਬਾਦਲਾਂ ਰੋਕਿਆ ਹੋਇਆ ਸੀ। ਬਾਦਲਾਂ ਨੇ ਹੀ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ 'ਤੇ ਰੋਕ ਲਵਾਈ ਹੈ। ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਹੋਣ ਨਾਲ ਹੀ ਚੋਣ ਪ੍ਰਕ੍ਰਿਆ ਦੀ ਆਰੰਭਤਾ ਹੋਣੀ ਸੀ।
Photo
ਇਸ ਸਬੰਧੀ ਬਾਦਲ ਵਿਰੋਧੀ ਸਰਗਰਮ ਸਨ ਤੇ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਜਾ ਰਹੇ ਹਨ ਪਰ ਰਾਜਾਸਾਂਸੀ ਰੈਲੀ 'ਚ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ 'ਤੇ ਤਾਬੜ ਤੋੜ ਹਮਲੇ ਕਰਦਿਆਂ ਚਿਤਾਵਨੀ ਦਿਤੀ ਸੀ ਕਿ ਨਫ਼ਰਤ ਦੀ ਸਿਆਸਤ ਬੰਦ ਕਰ ਕੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਜੇਕਰ ਕੋਈ ਆਂਚ ਆਂਉਦੀ ਹੈ ਤਾਂ ਇਸ ਦੇ ਨਿਕਲਣ ਵਾਲੇ ਨਤੀਜੇ ਬਹੁਤ ਘਾਤਕ ਸਿਧ ਹੋਣਗੇ।
Photo
ਵੱਡੇ ਬਾਦਲ ਵਲੋਂ ਹਨੇਰੇ 'ਚ ਛੱਡਿਆ ਗਿਆ ਡਿਪਲੋਮੈਟਿਕ ਤੀਰ ਭਾਜਪਾ ਹਾਈ ਕਮਾਂਡ ਤੇ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਗਿਆ ਜੋ ਪਹਿਲਾਂ ਹੀ ਸ਼ਹੀਨ ਬਾਗ਼ 'ਚ ਉਲਝੀ ਹੋਈ ਅਤੇ ਉਸ ਦੀ ਕੌਮਾਂਤਰੀ ਪੱਧਰੀ ਤਸਵੀਰ ਵੀ ਖ਼ਰਾਬ ਹੋ ਰਹੀ ਹੈ। ਸਿਆਸੀ ਹਲਕਿਆਂ ਮੁਤਾਬਕ ਬਾਦਲ ਮੁੜ ਮੋਦੀ ਸਰਕਾਰ ਨੂੰ ਨਿਜੀ ਹਿਤਾਂ ਲਈ ਵਰਤਣਗੇ। ਜਿਸ ਤਰ੍ਹਾਂ ਭਾਜਪਾ ਬਾਦਲਾਂ ਅੱਗੇ ਗੋਡੇ ਟੇਕ ਗਈ ਹੈ, ਉਸ ਤੋਂ ਆਉਂਦੇ ਸਮੇਂ ਅੰਦਰ ਬਾਦਲਾਂ ਦੀ ਚੜ੍ਹ-ਵਗਣ ਦੇ ਅਸਾਰ ਬਣਦੇ ਜਾ ਰਹੇ ਹਨ।