
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਕੀਤੀ ਪ੍ਰਾਪਤ
ਪਰਥ/ਮੈਲਬੋਰਨ, 21 ਫ਼ਰਵਰੀ (ਪਿਆਰਾ ਸਿੰਘ ਨਾਭਾ,ਪਰਮਵੀਰ ਸਿੰਘ) : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਆਸਟਰੇਲੀਆ ਦੇ ਕੋਵਿਡ -19 ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਨੂੰ ’ਗੇਮ ਚੇਂਜਰ’ ਕਰਾਰ ਦਿਤਾ ਹੈ, ਉਹ ਕੋਰੋਨਾ ਵੈਕਸੀਨ ਟੀਕਾ ਲਗਵਾਉਣ ਵਾਲੇ ਮੁੱਖ ਸਿਹਤ ਅਫ਼ਸਰ, ਮੁੱਖ ਨਰਸ, ਬੁਢਾਪਾ ਸੰਭਾਲ਼ ਕੇਂਦਰ ਦੇ ਫ਼ਰੰਟਲਾਈਨ ਵਰਕਰਾਂ ਛੋਟੇ ਸਮੂਹ ਵਿਚ ਸ਼ਾਮਲ ਹੋਏ ਅਤੇ ਦੇਸ਼ ਵਿਚ ਸੱਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਟੀਕਾ ਲਗਵਾਇਆ ।
ਪੋਲੈਂਡ ਦੀ ਜੰਮਪਲ, 84 ਸਾਲਾਂ ਜੇਨ ਮੈਲਸੀਆਕ, ਜੋ ਵਿਸ਼ਵ ਯੁੱਧ ਦੂਜੇ ਵਿਚ ਬਚ ਗਈ ਸੀ ਅਤੇ ਅਪਣੀ ਜਵਾਨੀ ਵੇਲੇ ਹੀ ਆਸਟਰੇਲੀਆ ਆ ਗਈ ਸੀ, ਨੂੰ ਸੱਭ ਤੋਂ ਪਹਿਲਾਂ ਫਾਈਜ਼ਰ ਦੀ ਖ਼ੁਰਾਕ ਮਿਲੀ। ਦੱਸ ਦਈਏ ਕਿ ਇਸ ਤੋਂ ਬਾਅਦ 11 ਹੋਰ ਲੋਕ, ਜਿਸ ਵਿਚ ਬਜ਼ੁਰਗ ਅਤੇ ਵਿਕਲਾਂਗ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਸਟਾਫ਼, ਹੋਟਲ ਇਕਾਂਤਵਾਸ ਕਾਮੇ ਅਤੇ ਸਿਹਤ ਸੇਵਾਵਾਂ ਦੇ ਫ਼ਰੰਟਲਾਈਨ ਮੁਲਾਜ਼ਮ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਕ ਵੱਡੇ ਗੇਮ ਚੇਂਜਰ ਦੀ ਸ਼ੁਰੂਆਤ ਇਕ ‘‘ਇਤਿਹਾਸਕ ਦਿਨ” ਹੈ ਅਤੇ ਇਸ ਦਾ ਸਫ਼ਲ ਪ੍ਰੀਖਣ ਸਿਰਫ਼ ਜੋਖਮ ਨੂੰ ਘਟਾਏਗਾ। ਜਦੋਂ ਤੁਸੀਂ ਜੋਖ਼ਮ ਨੂੰ ਘਟਾਉਗੇ ਤਾਂ ਸਪੱਸ਼ਟ ਹੈ ਕਿ ਤੁਹਾਨੂੰ ਹੋਰ ਹੱਲ ਲੱਭਣ ਦੀ ਜ਼ਰੂਰਤ ਨਹੀਂ ਹੈ। ਮੌਰਿਸਨ ਨੇ ਇਸਵੈਕਸੀਨ ਮੁਹਿੰਮ ਬਾਰੇ ਜਾਣਕਾਰੀ ਦਿਤੀ ਜਿਸ ਵਿਚ ਮੁੱਖ ਮੈਡੀਕਲ ਅਫ਼ਸਰ ਪਾਲ ਕੈਲੀ ਅਤੇ ਚੀਫ਼ ਨਰਸਿੰਗ ਅਫ਼ਸਰ ਐਲੀਸਨ ਮੈਕਮਿਲਨ ਸ਼ਾਮਲ ਸਨ।
ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਅਪਣੇ ਆਸਟਰੇਲੀਆ ਵਾਸੀਆਂ ਨੂੰ ਵੈਕਸੀਨ ਖ਼ੁਰਾਕ ਲੈਣ ਦੀ ਅਪੀਲ ਕਰਦਾ ਹਾਂ ਅਤੇ ਮੈਂ ਅੱਜ ਟੀਕਾਕਰਨ ਕਰਵਾ ਕੇ ਇਸ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੁਰੱਖਿਅਤ ਤੇ ਮਹੱਤਵਪੂਰਨ ਹੈ। ਉਨ੍ਹਾਂ ਨੇ ਸਥਾਨਕ ਵਸਨੀਕਾਂ ਨੂੰ ਇਸ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਟੀਕਾਕਰਨ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਵੀ ਕੀਤੀ।