
ਰੈਲੀ ਦੇਖ ਡੋਲੀ ਵਾਲੀ ਕਾਰ ਤੋਂ ਉੱਤਰ ਟਰੈਕਟਰ ’ਤੇ ਜਾ ਚੜਿ੍ਹਆ ਲਾੜਾ
ਗੜ੍ਹਦੀਵਾਲਾ, 21 ਫ਼ਰਵਰੀ (ਹਰਪਾਲ ਸਿੰਘ) : ਕਿਸਾਨ ਜਥੇਬੰਦੀਆਂ ਵਲੋਂ ਗੜ੍ਹਦੀਵਾਲਾ ਦੇ ਇਲਾਕੇ ਦੇ ਪਿੰਡਾਂ ਵਿਚ ਰੈਲੀ ਕੱਢੀ ਜਾ ਰਹੀ ਸੀ ਤਾਂ ਇਕ ਵਖਰਾ ਨਜ਼ਾਰਾ ਵੇਖਣ ਨੂੰ ਮਿਲਿਆ, ਜਦੋਂ ਡੋਲੀ ਵਾਲੀ ਕਾਰ ’ਤੇ ਸਵਾਰ ਲਾੜੇ ਨੇ ਕਾਰ ਰੁਕਵਾ ਦਿਤੀ ਅਤੇ ਡੋਲੀ ਵਾਲੀ ਕਾਰ ਤੋਂ ਉੱਤਰ ਕੇ ਰੈਲੀ ’ਚ ਸ਼ਾਮਲ ਟਰੈਕਟਰ ’ਤੇ ਜਾ ਚੜਿ੍ਹਆ।
ਇਸ ਮੌਕੇ ਉਤਸ਼ਾਹਤ ਹੋਏ ਕਿਸਾਨਾਂ ਵਲੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਹਰੇ ਲਗਾਏ ਗਏ। ਜਦੋਂ ਲਾੜੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਅਪਣਾ ਨਾਮ ਹਰਵਿੰਦਰ ਸਿੰਘ ਪਿੰਡ ਸਕਰਾਲਾ ਦਸਿਆ ਅਤੇ ਕਿਹਾ ਕਿ ਉਹ ਪਿੰਡ ਮਾਂਗਾ ਵਿਖੇ ਵਿਆਹੁਣ ਜਾ ਰਹੇ ਹਨ। ਇਸ ਮੌਕੇ ਲਾੜੇ ਨੇ ਕਿਹਾ ਕਿ ਕਿਸਾਨੀ ਵਿਰੁਧ ਬਣੇ ਕਾਨੂੰਨਾਂ ਦੀ ਮਾਰ ਸਾਰਿਆਂ ਨੂੰ ਝਲਣੀ ਪਵੇਗੀ ਇਸ ਲਈ ਅੱਜ ਹਰ ਇਕ ਨੂੰ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਦੀ ਬਹੁਤ ਜ਼ਰੂਰਤ ਹੈ। ਲਾੜੇ ਨੇ ਕਿਹਾ ਕਿ ਸਮਾਜਕ ਬੰਧਨਾਂ ਕਾਰਨ ਉਹ ਇਨ੍ਹਾਂ ਰੈਲੀਆਂ ਵਿਚ ਸ਼ਾਮਲ ਨਹੀਂ ਸੀ ਹੋ ਸਕਿਆ ਪਰ ਅੱਜ ਉਸ ਦੇ ਦਿਲ ਦੀ ਰੀਝ ਪੂਰੀ ਹੋ ਗਈ ਹੈ। ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਲੋਕ ਅਪਣੇ ਕੰਮ ਕਾਰ ਛੱਡ ਕੇ ਧਰਨਿਆਂ ’ਤੇ ਬੈਠੇ ਹਨ ਇਸ ਲਈ ਦੇਸ਼ ਤੇ ਕਿਸਾਨ ਦੀ ਭਲਾਈ ਖ਼ਾਤਰ ਤਿੰਨੇ ਕਾਨੂੰਨ ਵਾਪਸ ਲੈ ਕੇ ਦਿੱਲੀ ਬੈਠੇ ਕਿਸਾਨਾਂ ਨੂੰ ਵਾਪਸ ਭੇਜਿਆ ਜਾਵੇ ਤਾਕਿ ਉਹ ਅਪਣੇ ਪਰਵਾਰਾਂ ਵਿਚ ਆ ਸਕਣ।