
ਦੀਪ ਸਿੱਧੂ ਦੀ ਯਾਦ ਵਿਚ ਜੰਮੂ ਦੇ ਸਿੱਖਾਂ ਨੇ ਕਰਵਾਇਆ ਸਮਾਗਮ
ਜੰਮੂ, 21 ਫ਼ਰਵਰੀ (ਸਰਬਜੀਤ ਸਿੰਘ): ਬੀਤੇ ਦਿਨੀਂ ਹਰਿਆਣਾ ਵਿਖੇ ਇਕ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਪੰਜਾਬ ਦੇ ਪ੍ਰਸਿੱਧ ਅਦਾਕਾਰ ਦੀਪ ਸਿੱਧੂ ਦੀ ਯਾਦ ਵਿਚ ਜੰਮੂ ਦੇ ਸਿੱਖਾਂ ਵਲੋਂ ਦੀਪ ਸਿੱਧੂ ਦਾ ਨਮਿਤ ਅਖੰਡ ਪਾਠ ਸਾਹਿਬ ਦਾ ਭੋਗ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸਿੰਬਲ ਕੈਂਪ ਵਿਖੇ ਪਾਇਆ ਗਿਆ।
ਸੰਗਤਾਂ ਵਲੋਂ ਸ਼ੁਕਰਵਾਰ ਦੀ ਸ਼ਾਮ ਤੋਂ ਰਖਵਾਏ ਅਖੰਡ ਪਾਠ ਸਾਹਿਬ ਦੇ ਭੋਗ ਬੀਤੀ ਰਾਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪਾਏ ਗਏ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ, ਭੋਗ ਤੋਂ ਉਪਰੰਤ ਪ੍ਰਸਿੱਧ ਰਾਗੀ ਭਾਈ ਜਗਤਾਰ ਸਿੰਘ ਨੇ ਜਿਥੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਜੁਝਾਰੂ ਅਦਾਕਾਰ ਦੀਪ ਸਿੱਧੂ ਜੀਵਨ ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਇਨਸਾਨ ਦੁਨੀਆਂ ਵਿਚ ਬਹੁਤ ਘੱਟ ਪੈਦਾ ਹੁੰਦੇ ਹਨ ਤੇ ਜਿਹੜੀ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਨੂੰ ਠੋਕਰ ਮਾਰ ਕੇ ਪੰਥ ਚੜ੍ਹਦੀ ਕਲਾ ਲਈ ਮੈਦਾਨ ਵਿਚ ਉਤਰੇ ਹੋਣ।
ਸਮਾਗਮ ਵਿਚ ਦੀਪ ਸਿੱਧੂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਸਿੱਖ ਨੌਜਵਾਨ ਸਭਾ ਦੇ ਸਾਬਕਾ ਪ੍ਰਧਾਨ ਅਜਮੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਦੀਪ ਸਿੱਧੂ ਦੀ ਮੌਤ ਅਚਾਨਕ ਸੜਕ ਹਾਦਸੇ ਕਾਰਨ ਨਹੀਂ ਹੋਈ ਬਲਕਿ ਇਕ ਸੋਚੀ ਸਮਝੀ ਸਾਜ਼ਸ਼ ਤਹਿਤ ਉਸ ਦੀ ਹਤਿਆ ਕੀਤੀ ਗਈ ਹੈ। ਇਸ ਮੌਕੇ ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਭਾਈ ਹਰਪਿੰਦਰ ਸਿੰਘ, ਨਰਿੰਦਰ ਸਿੰਘ ਖ਼ਾਲਸਾ, ਰਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਕਠੂਆ ਵਿਚ ਵੀ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਨਜ਼ਦੀਕ ਡੀਸੀ ਆਫ਼ਿਸ ਵਿਖੇ ਵੀ ਦੀਪ ਸਿੱਧੂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ।