
ਲਖੀਮਪੁਰ ਹਿੰਸਾ ਮਾਮਲਾ : ਮਿ੍ਰਤਕ ਕਿਸਾਨਾਂ ਦੇ ਪ੍ਰਵਾਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਵਿਰੁਧ ਸਿਖਰਲੀ ਅਦਾਲਤ ਪੁੱਜੇ
ਨਵੀਂ ਦਿੱਲੀ, 21 ਫ਼ਰਵਰੀ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ ਮਾਰੇ ਗਏ ਕਿਸਾਨਾਂ ਦੇ ਪ੍ਰਵਾਰਾਂ ਨੇ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਖ਼ਮਾਨਤ ਖ਼ਾਰਜ ਕਰਵਾਉਣ ਲਈ ਦੇਸ਼ ਦੀ ਸਿਖਰਲੀ ਅਦਾਲਤ ਦਾ ਬੂਹਾ ਖੜਕਾਇਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ’ਤੇ ਕਿਸਾਨਾਂ ਦਾ ਕਤਲ ਕਰਵਾਉਣ ਦਾ ਦੋਸ਼ ਹੈ। ਮਾਮਲੇ ਵਿਚ ਉਨ੍ਹਾਂ ਦੀ ਗਿ੍ਰਫ਼ਤਾਰੀ ਵੀ ਹੋਈ, ਹਾਲਾਂਕਿ ਪਿਛਲੇ ਦਿਨੀਂ ਉਹ ਜ਼ਮਾਨਤ ’ਤੇ ਜੇਲ ਤੋਂ ਰਿਹਾਅ ਹੋ ਗਿਆ। ਮ੍ਰਿਤਕ ਕਿਸਾਨਾਂ ਦੇ ਪ੍ਰਵਾਰਾਂ ਦੇ ਤਿੰਨ ਮੈਂਬਰਾਂ ਨੇ ਉੱਚ ਅਦਾਲਤ ਦੀ ਲਖਨਊ ਬੈਂਚ ਦੇ 10 ਫ਼ਰਵਰੀ ਦੇ ਜ਼ਮਾਨਤ ਦੇ ਹੁਕਮ ’ਤੇ ਰੋਕ ਲਗਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਇਹ ਫ਼ੈਸਲਾ ਕਾਨੂੰਨ ਦੀ ਨਜ਼ਰ ਵਿਚ ਟਿਕਣ ਲਾਇਕ ਨਹੀਂ ਹੈ, ਕਿਉਂਕਿ ਇਸ ਮਾਮਲੇ ਵਿਚ ਸੂਬੇ ਵਲੋਂ ਅਦਾਲਤ ਨੂੰ ਕੋਈ ਸਾਰਥਕ ਅਤੇ ਪ੍ਰਭਾਵੀ ਸਹਾਇਤਾ ਨਹੀਂ ਦਿਤੀ ਗਈ।
ਜਗਜੀਤ ਸਿੰਘ, ਪਵਨ ਕਸ਼ਅਪ ਅਤੇ ਸੁਖਵਿੰਦਰ ਸਿੰਘ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਰਾਹੀਂ ਦਾਖ਼ਲ ਕੀਤੀ ਅਰਜ਼ੀ ਵਿਚ ਕਿਹਾ,‘‘ਜ਼ਮਾਨਤ ਦੇਣ ਲਈ ਤੈਅ ਸਿਧਾਂਤਾਂ ਸਬੰਧੀ ਉੱਚ ਅਦਾਲਤ ਦੇ ਹੁਕਮਾਂ ਵਿਚ ਸੂਬੇ ਵਲੋਂ ਠੋਸ ਦਲੀਲਾਂ ਦੀ ਕਮੀ ਰਹੀ ਅਤੇ ਦੋਸ਼ੀ ਸੂਬਾ ਸਰਕਾਰ ’ਤੇ ਢੁਕਵਾਂ ਪ੍ਰਭਾਵ ਰਖਦਾ ਹੈ, ਕਿਉਂਕਿ ਉਸ ਦਾ ਪਿਤਾ ਉਸੀ ਸਿਆਸੀ ਦਲ ਤੋਂ ਕੇਂਦਰੀ ਮੰਤਰੀ ਹੈ, ਜੋ ਸੂਬੇ ਦੀ ਸੱਤਾ ਵਿਚ ਹੈ।’’ ਇਸ ਵਿਚ ਕਿਹਾ ਗਿਆ ਹੈ ਕਿ ਉੱਚ ਅਦਾਲਤ ਵਲੋਂ ਇਸ ਮਾਮਲੇ ਵਿਚ ਸਥਾਪਤ ਕਾਨੂੰਨੀ ਨਿਯਮਾਂ ਦੇ ਉਲਟ ਇਕ ‘ਅਣਉਚਿਤ ਤੇ ਮਨਮਾਨੀ’ ਵਾਲਾ ਫ਼ੈਸਲਾ ਦਿਤਾ, ਜਿਸ ਨੇ ਅਪਰਾਧ ਦੀ ਗੰਭੀਰ ਪ੍ਰਵਿਰਤੀ ’ਤੇ ਵਿਚਾਰ ਕੀਤੇ ਬਿਨਾ ਜ਼ਮਾਨਤ ਦੇ ਦਿਤੀ। ਦੋਸ਼ੀ ਦੇ ਜ਼ਮਾਨਤ ਹੁਕਮ ’ਤੇ ਰੋਕ ਲਗਾਉਣ ਦੀ ਬੇਨਤੀ ਕਰਦੇ ਹੋਏ ਅਰਜ਼ੀ ਵਿਚ ਸਬੂਤਾਂ ਦਾ ਕ੍ਰਮਵਾਰ ਜ਼ਿਕਰ ਕੀਤਾ ਗਿਆ ਹੈ।
ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਨੇ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਤੋਂ ਠੀਕ ਪਹਿਲਾਂ ਜ਼ਮਾਨਤ ਦਿਤੀ ਸੀ। 15 ਫ਼ਰਵਰੀ ਨੂੰ ਉਹ ਜੇਲ ਤੋਂ ਬਾਹਰ ਆ ਗਿਆ। ਇਸ ਮਾਮਲੇ ’ਤੇ ਬਹੁਤ ਰਾਜਨੀਤੀ ਵੀ ਹੋਈ। ਕਾਫੀ ਹੰਗਾਮੇ ਦਰਮਿਆਨ ਆਸ਼ੀਸ ਮਿਸ਼ਰਾ ਨੇ 10 ਅਕੂਤਬਰ ਨੂੰ ਆਤਮਸਮਰਣ ਕੀਤਾ ਸੀ ਅਤੇ ਉਦੋਂ ਤੋਂ ਉਹ ਜੇਲ ਵਿਚ ਸੀ। ਉਸ ਨੇ ਜ਼ਿਲ੍ਹਾ ਜੱਜ ਦੀ ਅਦਾਲਤ ਤੋਂ ਕਈ ਵਾਰ ਜ਼ਮਾਨਤ ਮੰਗੀ ਪਰ ਹਰ ਵਾਰ ਉਸ ਦੀ ਅਰਜ਼ੀ ਖ਼ਾਰਜ ਹੁੰਦੀ ਰਹੀ। ਫਿਰ ਉਸ ਨੇ ਜ਼ਮਾਨਤ ਲਈ ਲਖਨਊ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿੱਥੋਂ ਕੋਰਟ ਤੋਂ 10 ਫ਼ਰਵਰੀ ਨੂੰ ਉਸ ਨੂੰ ਜ਼ਮਾਨਤ ਦੇ ਦਿਤੀ। (ਪੀਟੀਆਈ)