
ਮ੍ਰਿਤਕ ਕਿਸਾਨ ਨੇ ਆੜਤੀਏ ਤੋਂ ਲੈਣੇ ਸਨ 44 ਲੱਖ ਰੁਪਏ
ਬਰਨਾਲਾ: ਪੰਜਾਬ ਵਿੱਚ ਕਿਸਾਨ ਖ਼ੁਦਕੁਸ਼ੀਆਂ ਦਾ ਦੌਰ ਜਾਰੀ ਹੈ। ਭਾਵੇਂ ਬਹੁਤੀਆਂ ਖੁਦਕੁਸ਼ੀਆਂ ਦਾ ਕਾਰਨ ਕਰਜ਼ਾ ਰਿਹਾ ਹੈ ਪਰ ਅੱਜ ਬਰਨਾਲਾ ਦੇ ਪਿੰਡ ਨੈਣੇਵਾਲ ਦੇ ਇੱਕ ਕਿਸਾਨ ਵਲੋਂ ਖੁਦਕੁਸ਼ੀ ਇਸ ਕਰਕੇ ਕਰ ਲਈ ਗਈ ਕਿ ਇੱਕ ਆੜਤੀਆ ਉਸਦੇ ਪੈਸੇ ਨਹੀਂ ਦੇ ਰਿਹਾ ਸੀ। ਇਸੇ ਦੇ ਚੱਲਦਿਆਂ ਕਿਸਾਨ ਨੇ ਆੜਤੀਏ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲ਼ਈ, ਇਸ ਸਬੰਧੀ ਮ੍ਰਿਤਕ ਵਿਅਕਤੀ ਦੀ ਜੇਬ ’ਚੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ।
ਇਹ ਵੀ ਪੜ੍ਹੋ :ਡੀਆਰਆਈ ਨੇ 101 ਕਿਲੋ ਸੋਨਾ ਕੀਤਾ ਜ਼ਬਤ, ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਲਗਭਗ 51 ਕਰੋੜ ਰੁਪਏ
ਪੁਲਿਸ ਥਾਣਾ ਭਦੌੜ ਦੇ ਮੁਖੀ ਐਸਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਜਮੇਰ ਸਿੰਘ (71) ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਦੇ ਪਤੀ ਅਜਮੇਰ ਸਿੰਘ ਦੀ ਲਗਭਗ 12 ਸਾਲ ਤੋਂ ਪਿੰਡ ਨੈਣੇਵਾਲ ਦੇ ਆੜਤੀਏ ਹਰਦੀਪ ਕੁਮਾਰ ਲਾਲੀ ਨਾਲ ਆੜਤ ਸੀ। ਆੜਤੀਏ ਤੋਂ ਅਸੀਂ 44 ਲੱਖ ਰੁਪਏ ਲੈਣੇ ਸਨ।
ਇਹ ਵੀ ਪੜ੍ਹੋ :ਦਮੇ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੈ ਕੇਲਾ
ਜਦੋਂ ਅਸੀਂ ਆੜਤੀਏ ਤੋਂ ਪੈਸਿਆਂ ਦੀ ਮੰਗ ਕਰਦੇ ਸੀ ਤਾਂ ਆੜਤੀਆ ਲਾਰੇ ਲਾ ਦਿੰਦਾ ਸੀ ਜਿਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅੱਜ ਸਵੇਰੇ ਆੜਤੀਏ ਵੱਲੋਂ ਪੈਸੇ ਨਾ ਦੇਣ ਕਰਕੇ ਉਸ ਦੇ ਪਤੀ ਨੇ ਘਰ ਵਿੱਚ ਗਾਡਰ ਨਾਲ ਲਮਕ ਕੇ ਆਤਮ ਹੱਤਿਆ ਕਰ ਲਈ ਹੈ।
ਐਸਐਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਜਮੇਰ ਸਿੰਘ ਦੀ ਜੇਬ ’ਚੋਂ ਖੁਦਕੁਸੀ ਨੋਟ ਵੀ ਮਿਲਿਆ ਹੈ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਆੜਤੀਏ ਹਰਦੀਪ ਕੁਮਾਰ ਲਾਲੀ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਅਜਮੇਰ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਜਿੰਨ੍ਹਾਂ ਚਿਰ ਆੜਤੀਏ ਖਿਲਾਫ਼ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਚਿਰ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅਜਮੇਰ ਸਿੰਘ ਨੇ ਖੁਦਕੁਸ਼ੀ ਨੋਟ ਵਿੱਚ ਹਰਦੀਪ ਕੁਮਾਰ ਉਰਫ਼ ਲਾਲੀ ਨੂੰ ਆਪਣੀ ਮੌਤ ਦਾ ਜਿੰਮੇਵਾਰ ਦੱਸਿਆ ਹੈ।