
STF ਨੇ ਕਾਰ ਅਤੇ ਹੈਰੋਇਨ ਸਮੇਤ ਕੀਤਾ ਸੀ ਕਾਬੂ
Punjab News: ਲੁਧਿਆਣਾ ਵਿਚ ਨਸ਼ਾ ਤਸਕਰੀ ਵਿਚ ਸ਼ਾਮਲ ਇਕ ਜੋੜੇ ਨੂੰ ਸੈਸ਼ਨ ਕੋਰਟ ਨੇ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ 'ਤੇ ਨਸ਼ਾ ਤਸਕਰੀ ਦੇ ਦੋਸ਼ ਸਨ। ਜਾਣਕਾਰੀ ਅਨੁਸਾਰ 21 ਅਪ੍ਰੈਲ 2017 ਨੂੰ ਨਾਕਾਬੰਦੀ ਦੌਰਾਨ ਐਸਟੀਐਫ ਦੀ ਟੀਮ ਨੇ ਮੁਲਜ਼ਮ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਕਰੇਟਾ ਕਾਰ ਨੰਬਰ ਪੀ.ਬੀ.-29-ਵੀ-6300 ਚਿੱਟੇ ਰੰਗ ਦੀ ਅਤੇ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।
ਇਨ੍ਹਾਂ ਵਿਰੁਧ ਪੁਲਿਸ ਨੇ ਮੇਹਰਬਾਨ ਥਾਣੇ ਵਿਚ ਐਫਆਈਆਰ ਦਰਜ ਕੀਤੀ ਸੀ। ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਸੂਚਨਾ ’ਤੇ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜਿਉਂ 7 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸ ਮਾਮਲੇ ਵਿਚ ਪੁਲਿਸ ਨੂੰ ਕੁੱਲ 8 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਇਸ ਕੇਸ ਦੇ ਦੋ ਹੋਰ ਮੁਲਜ਼ਮ ਹਰਬੰਸ ਸਿੰਘ ਅਤੇ ਸਵਰਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਨੇ ਸਬੂਤਾਂ ਦੇ ਆਧਾਰ 'ਤੇ ਫੈਸਲਾ ਸੁਣਾਉਂਦੇ ਹੋਏ ਜੋੜੇ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
(For more Punjabi news apart from 10-10 years in prison for the drug trafficker couple in Ludhiana, stay tuned to Rozana Spokesman)