
Amritsar News : ਇਕ ਹਫ਼ਤੇ ਪਹਿਲਾਂ ਸਰਪੰਚ ਬੀਬੀ ਹਰਪ੍ਰੀਤ ਦੇ ਘਰ ’ਤੇ ਘਰ 'ਤੇ ਚਲਾਈਆਂ ਗਈਆਂ ਸੀ ਗੋਲੀਆਂ
Gunshots fired at Sarpanch's son Latest News in Punjabi : ਸਰਾਏ ਅਮਾਨਤ ਖਾਂ : ਬੀਤੇ ਕੁੱਝ ਦਿਨ ਪਹਿਲਾਂ ਪਿੰਡ ਰਸੂਲਪੁਰ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਬੀਬੀ ਹਰਪ੍ਰੀਤ ਕੌਰ ਪਤਨੀ ਤੇਜਿੰਦਰ ਸਿੰਘ ਕਾਲਾ ਰਸੂਲਪੁਰ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸੀ। ਹੁਣ ਇਕ ਹਫ਼ਤੇ ਬਾਅਦ ਬੀਤੀ ਸ਼ਾਮ ਉਨ੍ਹਾਂ ਦੇ ਲੜਕੇ 'ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ।
ਖ਼ੁਸ਼ਕਿਸਮਤੀ ਨਾਲ ਸਰਪੰਚ ਦਾ ਬੇਟਾ ਮਨਬੀਰ ਸਿੰਘ ਵਾਲ-ਵਾਲ ਬਚ ਗਿਆ। ਪ੍ਰੰਤੂ ਇਕ ਹਫ਼ਤੇ ਵਿਚ ਦੂਸਰੀ ਵਾਰ ਗੋਲੀਆਂ ਚੱਲਣ ਕਰ ਕੇ ਅਤੇ ਬੀਤੀ ਸ਼ਾਮ ਗੋਲੀਆਂ ਚਲਾਉਣ ਉਪਰੰਤ ਹਮਲਾਵਰਾਂ ਵਲੋਂ ਸ਼ਰੇਆਮ ਲਲਕਾਰੇ ਮਾਰ ਕੇ ਇਹ ਕਹਿਣਾ ਕਿ ‘ਤੈਨੂੰ ਛੱਡਣਾ ਨਹੀਂ ਜਿਥੇ ਮਰਜ਼ੀ ਭੱਜ ਜਾ, ਇਸ ਕਰ ਕੇ ਸਮੁੱਚਾ ਪਰਵਾਰ ਦਹਿਸ਼ਤ ਵਿਚ ਹੈ।’
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਤੇਜਿੰਦਰ ਸਿੰਘ ਕਾਲਾ ਨੇ ਦਸਿਆ ਕਿ ਬੀਤੀ ਸ਼ਾਮ ਮੇਰਾ ਲੜਕਾ ਮਨਬੀਰ ਸਿੰਘ ਜਦੋਂ ਘਰ ਦੇ ਨੇੜੇ ਹੀ ਬੰਬੀ (ਪਾਣੀ ਵਾਲੀ ਮੋਟਰ) ਵਲ ਗਿਆ ਤਾਂ ਅੱਗੇ ਲੁੱਕ ਕੇ ਬੈਠੇ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਪ੍ਰੰਤੂ ਉਸ ਵਲੋਂ ਅਚਾਨਕ ਹੇਠਾਂ ਕਣਕ ਵਿਚ ਬੈਠ ਜਾਣ ਕਰ ਕੇ ਉਸ ਦੀ ਜਾਨ ਬਚ ਗਈ । ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਅਸੀਂ ਸਾਰੇ ਦੌੜ ਕੇ ਗਏ ਤਾਂ ਅਣਪਛਾਤੇ ਵਿਅਕਤੀ ਫ਼ਾਇਰ ਕਰ ਕੇ ਦੌੜ ਗਏ ਅਤੇ ਜਾਂਦੇ ਹੋਏ ਕਹਿ ਗਏ ਕਿ ‘ਤੂੰ ਜਿਥੇ ਮਰਜ਼ੀ ਭੱਜ ਲੈ ਤੈਨੂੰ ਛੱਡਣਾ ਨਹੀਂ।’
ਉਨ੍ਹਾਂ ਕਿਹਾ ਕਿ ਅਜੇ ਹਫ਼ਤਾ ਪਹਿਲਾਂ ਹੀ ਸਾਡੇ ਘਰ 'ਤੇ ਵੀ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਸਨ ਜਿਸ ਬਾਰੇ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਪੁਲਿਸ ਨੇ ਮੌਕੇ ਤੋਂ ਰੌਂਦ ਵੀ ਬਰਾਮਦ ਕੀਤੇ ਸਨ। ਹੁਣ ਫਿਰ ਦੁਬਾਰਾ ਜਾਨਲੇਵਾ ਹਮਲਾ ਹੋ ਗਿਆ।
ਉਨ੍ਹਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਆਰੰਭ ਕਰ ਦਿਤੀ ਹੈ। ਇਸ ਸਬੰਧੀ ਡੀ.ਐਸ.ਪੀ. ਸਿਟੀ ਕਮਲਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ ਅਤੇ ਬੀਤੀ ਰਾਤ ਸਰਪੰਚ ਦੇ ਲੜਕੇ 'ਤੇ ਦੁਬਾਰਾ ਹੋਏ ਹਮਲੇ ਸਬੰਧੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਛੇਤੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।