
ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਦਾ ਖ਼ਮਿਆਜ਼ਾ ਜ਼ਰੂਰ ਭੁਗਤਣਗੇ ਹਾਕਮ: ਸੰਧੂ
ਕੋਟਕਪੂਰਾ(ਗੁਰਮੀਤ ਸਿੰਘ ਮੀਤਾ): ਆਲੀਸ਼ਾਨ ਹੋਟਲ ਵਿਚ ਮਿਲਦੀਆਂ ਸਹੂਲਤਾਂ ਵਾਲੀ ਟਰਾਲੀ ਤਿਆਰ ਕਰਦਿਆਂ ਸਵ: ਕੁਲਦੀਪ ਸਿੰਘ ਲੈਂਡਲਾਰਡ ਦੇ ਬੇਟੇ ਗੁਰਬੀਰ ਸਿੰਘ ਸੰਧੂ ਨੇ ਦਸਿਆ ਕਿ ਹਰ ਤਰ੍ਹਾਂ ਦੀ ਸਹੂਲਤ ਨਾਲ ਉਪਲਬਧ ਏ.ਸੀ. ਟਰਾਲੀ ਉਪਰ ਲਗਭਗ ਪੰਜ ਲੱਖ ਰੁਪਏ ਦਾ ਖ਼ਰਚ ਆ ਚੁੱਕਾ ਹੈ। ਉਨ੍ਹਾਂ ਦਸਿਆ ਕਿ ਉਹ ਅਪਣੇ ਪਰਵਾਰ ਸਮੇਤ ਲਗਾਤਾਰ 3 ਵਾਰ ਟਿਕਰੀ ਅਤੇ ਸਿੰਘੂ ਬਾਰਡਰ ਵਿਖੇ ਗਿਆ ਤਾਂ ਮਹਿਸੂਸ ਕੀਤਾ ਕਿ ਉਥੇ ਰਹਿਣ ਦੀ ਉਨੀ ਸਮੱਸਿਆ ਨਹੀਂ, ਜਿੰਨੀ ਨਹਾਉਣ-ਧੋਣ ਦੀ ਆਉਂਦੀ ਹੈ। ਇਸ ਲਈ ਉਕਤ ਟਰਾਲੀ ਵਿਚ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ।
AC Trolley
ਜੇ ਫ਼ਿੱਟ ਕੀਤੇ ਗੱਦਿਆਂ ਉੱਪਰ ਸੋਣਾ ਹੋਵੇ ਤਾਂ ਪੰਜ ਵਿਅਕਤੀ ਆਰਾਮ ਨਾਲ ਸੌਂ ਸਕਦੇ ਹਨ ਤੇ ਜੇਕਰ ਹੇਠਾਂ ਦਰੀ ਵਿਛਾ ਕੇ ਉੱਪਰ ਗੱਦੇ ਵਿਛਾ ਲਏ ਜਾਣ ਤਾਂ ਤਿੰਨ ਵਿਅਕਤੀ ਹੋਰ ਅਰਥਾਤ 8 ਵਿਅਕਤੀ ਆਰਾਮ ਫ਼ਰਮਾ ਸਕਦੇ ਹਨ। ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਪੱਤਰਕਾਰਾਂ ਸਮੇਤ ਕੁੱਝ ਬਿਜਲੀ ਮੀਡੀਆ ਨਾਲ ਜੁੜੇ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਗੁਰਬੀਰ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੇ ਕੜਾਕੇ ਦੀ ਸਰਦੀ ਵਿਚ ਪ੍ਰਵਾਹ ਨਹੀਂ ਮੰਨੀ ਤੇ ਹੁਣ ਸਖ਼ਤ ਗਰਮੀ ਵਿਚ ਵੀ ਕੋਈ ਕਿਸਾਨ ਡੋਲਣ ਵਾਲਾ ਨਹੀਂ।
Farmers Protest
ਉਨ੍ਹਾਂ ਦਸਿਆ ਕਿ ਲਗਭਗ 300 ਕਿਸਾਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਅੰਦੋਲਨ ਦੌਰਾਨ ਸ਼ਹਾਦਤ ਦਾ ਜਾਮ ਪੀ ਚੁੱਕਾ ਹੈ। ਭਾਵੇਂ ਕਿਸਾਨ ਅੰਦੋਲਨ ਕਾਮਯਾਬ ਹੋਵੇਗਾ ਅਰਥਾਤ ਸਾਰੇ ਕਾਲੇ ਕਾਨੂੰਨ ਰੱਦ ਹੋ ਜਾਣਗੇ ਪਰ ਸਦੀਵੀਂ ਵਿਛੋੜਾ ਦੇ ਗਏ ਕਿਸਾਨਾਂ ਦੀ ਭਰਪਾਈ ਕਰਨੀ ਹਾਕਮਾਂ ਲਈ ਬਹੁਤ ਮੁਸ਼ਕਲ ਹੋ ਜਾਵੇਗੀ ਕਿਉਂਕਿ ਸਮੇਂ ਦੇ ਹਾਕਮਾਂ ਅਤੇ ਉਨ੍ਹਾਂ ਦੀ ਪਾਰਟੀ ਨਾਲ ਜੁੜੇ ਆਗੂਆਂ ਨੂੰ ਇਸ ਦਾ ਖ਼ਮਿਆਜਾ ਲੋਕ ਕਚਹਿਰੀ ਵਿਚ ਜ਼ਰੂਰ ਭੁਗਤਣਾ ਪਵੇਗਾ।
Farmers Protest
ਉਨ੍ਹਾਂ ਦੁਹਰਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਬਰੀ ਲਾਗੂ ਕੀਤੇ ਗਏ ਕਾਲੇ ਕਾਨੂੰਨਾ ਨਾਲ ਸਿਰਫ਼ ਕਿਸਾਨੀ ਹੀ ਨਹੀਂ ਬਲਕਿ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਵਪਾਰੀ ਆਦਿਕ ਹਰ ਵਰਗ ਪ੍ਰਭਾਵਤ ਹੋਵੇਗਾ। ਏ.ਸੀ. ਟਰਾਲੀ ਸਮੇਤ ਟਿਕਰੀ ਬਾਰਡਰ ਲਈ ਰਵਾਨਾ ਹੋਣ ਮੌਕੇ ਗੁਰਬੀਰ ਸਿੰਘ ਸੰਧੂ ਨਾਲ ਤੇਜ ਸਿੰਘ ਸਰਪੰਚ, ਗੁਰਮੀਤ ਸਿੰਘ ਭੁੱਟੋ, ਸੁਖਜਿੰਦਰ ਸਿੰਘ ਬਰਾੜ, ਮਨਜੀਤ ਸਿੰਘ ਮੰਨੂੰ, ਨਵਪ੍ਰੀਤ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।