
ਕੇਜਰੀਵਾਲ ਨੇ ਪੰਜਾਬੀਆਂ ਨੂੰ ਦਸਿਆ ਕਿ ਕੇਵਲ ‘ਆਪ’ ਪਾਰਟੀ ਦਾ ਦਿੱਲੀ
ਬਾਘਾ ਪੁਰਾਣਾ/ਮੋਗਾ, 21 ਮਾਰਚ (ਗੁਰਜੰਟ ਸਿੰਘ,ਹਰਜਿੰਦਰ ਮੌਰੀਆ, ਸੰਦੀਪ ਬਾਘੇਵਾਲੀਆ) : ਆਮ ਆਦਮੀ ਪਾਰਟੀ ਦੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕੀਤੇ ਗਏ ਕਿਸਾਨ ਮਹਾਂਸੰਮੇਲਨ ਵਿਚ ਪੰਜਾਬ ਭਰ ਵਿਚੋਂ ਲਾਮਿਸਾਲ ਲੋਕਾਂ ਦਾ ਇਕੱਠ ਹੋਇਆ। ਅੰਦੋਲਨ ਦੀ ਸ਼ੁਰੂਆਤ ਵਿਚ ਕਿਸਾਨ ਅੰਦੋਲਨ ਦੇ 282 ਕਿਸਾਨ ਸ਼ਹੀਦਾਂ ਨੂੰ ਫੁੱਲ ਭੇਂਟ ਕੀਤੇ ਅਤੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿਤੀ ਗਈ। ਕਿਸਾਨ ਮਹਾਂਸੰਮੇਲਨ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਸਵਾਗਤ ਕੀਤਾ।
ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ,‘‘ਮੈਂ ਪੰਜਾਬ ਦੇ ਕਿਸਾਨਾਂ ਨੂੰ ਸਲੂਟ ਕਰਨ ਆਇਆ ਹਾਂ, ਜਿਨ੍ਹਾਂ ਨੇ ਧੱਕੇਸ਼ਾਹੀ ਨਾਲ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਦੇ ਕਾਲੇ ਤਿੰਨ ਕਾਨੂੰਨਾਂ ਵਿਰੁਧ ਸੱਭ ਤੋਂ ਪਹਿਲਾਂ ਆਵਾਜ਼ ਚੁੱਕੀ। ਪੰਜਾਬ ਵਿਚ ਸੱਭ ਤੋਂ ਪਹਿਲਾਂ ਅੰਦੋਲਨ ਉਠਿਆ, ਉਹ ਦਿੱਲੀ ਪਹੁੰਚਿਆ ਤੇ ਹੌਲੀ-ਹੌਲੀ ਹੁਣ ਇਹ ਕਿਸਾਨ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਅਨਿਆਂ ਹੋਇਆ ਤਾਂ ਪੰਜਾਬ ਦੇ ਲੋਕਾਂ ਨੇ ਉਸ ਅਨਿਆਂ ਦੇ ਵਿਰੋਧ ਵਿਚ ਹਮੇਸ਼ਾ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਕਰ ਕੇ ਹੀ ਅੱਜ ਲੋਕ ਭਾਜਪਾ ਨੂੰ ਨਕਾਰ ਰਹੇ ਹਨ। ਉਨ੍ਹਾਂ ਕਿਹਾ,‘‘ਮੈਂ ਸ਼ੁਰੂ ਤੋਂ ਹੀ ਇਸ ਅੰਦੋਲਨ ਦਾ ਸਿਰਫ਼ ਸਮਰਥਨ ਹੀ ਨਹੀਂ ਕੀਤਾ, ਸਗੋਂ ਇਸ ਵਿਚ ਸ਼ਮੂਲੀਅਤ ਕੀਤੀ ਹੈ। ਕਿਸਾਨਾਂ ਦੇ ਇਸ ਅੰਦੋਲਨ ਨਾਲ ਖੜਨ
ਕਰ ਕੇ ਹੀ ਅੱਜ ਕੇਂਦਰ ਦੀ ਮੋਦੀ ਸਰਕਾਰ ਪ੍ਰੇਸ਼ਾਨ ਕਰ ਰਹੀ ਹੈ। ਮੋਦੀ ਸਰਕਾਰ ਹੁਣ ਦਿੱਲੀ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਖੋਹਣ ਲਈ ਸੰਸਦ ਵਿਚ ਕਾਨੂੰਨ ਲੈ ਕੇ ਆਈ ਹੈ ਜਿਸ ਵਿਚ ਸਾਰੀਆਂ ਸ਼ਕਤੀਆਂ ਮੁੱਖ ਮੰਤਰੀ ਤੋਂ ਖੋਹ ਕੇ ਐਲਜੀ ਨੂੰ ਦਿਤੀਆਂ ਜਾਣ। ਮੋਦੀ ਸਰਕਾਰ ਦਿੱਲੀ ਸਰਕਾਰ ਨੂੰ ਇਕ ਗੂੰਗੇ-ਬੋਲਿਆਂ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ ਜਿਸ ਨੂੰ ਅਸੀਂ ਨਹੀਂ ਹੋਣ ਦੇਵਾਂਗੇ।’’
ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਦਿੱਲੀ ਬਾਰਡਰ ਉਤੇ ਪਹੁੰਚ ਗਏ ਤਾਂ ਮੋਦੀ ਸਰਕਾਰ ਨੇ ਇਕ ਵੱਡੀ ਸਾਜ਼ਸ਼ ਰਚੀ ਕਿ ਦਿੱਲੀ ਦੇ ਵੱਡੇ ਵੱਡੇ ਸਟੇਡੀਅਮਾਂ ਨੂੰ ਜੇਲ ਬਣਾ ਕੇ ਕਿਸਾਨਾਂ ਨੂੰ ਉਨ੍ਹਾਂ ਵਿਚ ਸੁੱਟ ਦਿਤਾ ਜਾਵੇ। ਪਰ ਇਹ ਕਿਸਮਤ ਚੰਗੀ ਸੀ ਕਿ ਸਟੇਡੀਅਮਾਂ ਨੂੰ ਜੇਲ ਬਣਾਉਣ ਦੀ ਤਾਕਤ ਮੋਦੀ ਸਰਕਾਰ ਕੋਲ ਨਹੀਂ ਸੀ, ਉਹ ਸਾਡੀ ਦਿੱਲੀ ਦੀ ਸਰਕਾਰ ਕੋਲ ਸੀ। ਮੋਦੀ ਸਰਕਾਰ ਨੇ ਪੁਲਿਸ ਰਾਹੀਂ ਜਦੋਂ ਮੇਰੇ ਕੋਲ ਸਟੇਡੀਅਮਾਂ ਨੂੰ ਜੇਲ ਬਣਾਉਣ ਦੀ ਫ਼ਾਈਲ ਭੇਜੀ ਤਾਂ ਅਸੀਂ ਮਨ੍ਹਾਂ ਕਰ ਦਿਤਾ। ਮੋਦੀ ਸਰਕਾਰ ਨੂੰ ਜਵਾਬ ਦਿੰਦੇ ਹੋਏ ਮੈਂ ਫ਼ਾਇਲ ਉਤੇ ਲਿਖਿਆ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਹੈ, ਇਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਉਨ੍ਹਾਂ ਨੂੰ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ, ਐਮਪੀ ਅਤੇ ਵਲੰਟੀਅਰ ਸੱਭ ਕਿਸਾਨਾਂ ਦੀ ਬਿਨਾਂ ਕਿਸੇ ਪਾਰਟੀ ਚਿੰਨ੍ਹ ਤੋਂ ਇਕ ਸੇਵਾਦਾਰ ਦੀ ਤਰ੍ਹਾਂ ਸੇਵਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਸਾਡੀ ਦਿੱਲੀ ਸਰਕਾਰ ਵਲੋਂ ਪੀਣ ਵਾਲੇ ਪਾਣੀ, ਪਖ਼ਾਨੇ, ਲੰਗਰ ਦਾ ਪ੍ਰਬੰਧ ਕੀਤਾ। ਅਸੀਂ ਵਾਈਫ਼ਾਈ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਮੋਦੀ ਸਰਕਾਰ ਦੇ ਮੰਤਰੀ ਅਤੇ ਭਾਜਪਾ ਆਗੂ ਕਿਸਾਨਾਂ ਨੂੰ ਖ਼ਾਲਿਸਤਾਨੀ, ਅਤਿਵਾਦੀ ਕਹਿੰਦੇ ਰਹੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਵਿਰੁਧ ਆਮ ਆਦਮੀ ਪਾਰਟੀ ਵਲੋਂ 70 ਜਣਿਆਂ ਵਿਰੁਧ ਕੇਸ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲ ਤੋਂ ਸੱਤਾ ਵਿਚ ਰਹਿੰਦੀਆਂ ਪਾਰਟੀਆਂ ਨੇ ਕਿਸਾਨਾਂ ਨੂੰ ਧੋਖਾ ਦਿਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਵਿਚ ਚੋਣਾਂ ਤੋਂ ਪਹਿਲਾਂ ਸਮਾਰਟ ਫ਼ੋਨ ਦੇਣ, ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ, ਹਰ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਕੀਤੇ ਵਾਅਦਿਆਂ ਵਿਚੋਂ ਕੋਈ ਪੂਰਾ ਨਹੀਂ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਨੌਕਰੀ ਦੇਣ ਵਾਲੇ ਵੰਡੇ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਅਪਣੇ ਵਾਅਦੇ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵਲੋਂ ਦਿਤਾ ਗਿਆ ਕਾਰਡ ਸੁੱਟਣਾ ਨਹੀਂ ਇਹ ਕਾਰਡ ਸੰਭਾਲ ਕੇ ਰੱਖਣਾ। ਇਹ ਕਾਰਡ ਤੁਹਾਨੂੰ ਯਾਦ ਦਿਵਾਏਗੀ ਕਿ 4 ਸਾਲ ਪਹਿਲਾਂ ਕੈਪਟਨ ਨੇ ਕਿਸ ਤਰ੍ਹਾਂ ਝੂਠ ਬੋਲ ਕੇ ਵੋਟ ਲਈ। ਕੈਪਟਨ ਨੇ ਤੁਹਾਨੂੰ ਧੋਖਾ ਦਿਤਾ ਹੈ ਉਸ ਤੋਂ ਹੁਣ ਬਦਲਾ ਲੈਣਾ ਹੈ।
ਉਨ੍ਹਾਂ ਬੀਤੇ ਦਿਨੀਂ ਇਕ ਨਿਜੀ ਚੈਨਲ ਵਲੋਂ ਕੀਤੇ ਗਏ ਸਰਵੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਵੇ ਮੁਤਾਬਕ 2022 ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣੇਗੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਇਨ੍ਹਾਂ ਕੈਪਟਨ ਵਲੋਂ ਦਿਤੇ ਗਏ ਨੌਕਰੀ ਵਾਲੇ ਕਾਰਡਾਂ ਉਤੇ ‘ਆਪ’ ਦੀ ਸਰਕਾਰ ਸੱਭ ਨੂੰ ਨੌਕਰੀ ਦੇਵੇਗੀ, ਜਦੋਂ ਤਕ ਨੌਕਰੀ ਨਹੀਂ ਮਿਲੇਗੀ ਤਾਂ ਬੇਰੁਜ਼ਾਗਰੀ ਭੱਤਾ ਦਿਤਾ ਜਾਵੇਗਾ। ਜਦੋਂ ਤਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਆਮ ਆਦਮੀ ਪਾਰਟੀ ਚੈਨ ਨਾਲ ਨਹੀਂ ਬੈਠਾਂਗੀ।
ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਰੈਲੀ ਵਿਚ ਪੁੱਜੇ ਲੋਕਾਂ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਚੁੱਲਿਆਂ ਵਿਚ ਬਲਦੀ ਅੱਗ ਖ਼ਤਰੇ ਵਿਚ ਹੈ, ਕਿਸਾਨ, ਸਾਡੀਆਂ ਨਸਲਾਂ ਖ਼ਤਰੇ ਵਿਚ ਹਨ। ਉਨ੍ਹਾਂ ਬਾਦਲ ਪ੍ਰਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਧਰਮ ਨੂੰ ਵਰਤਦੇ ਹਨ। ਉਨ੍ਹਾਂ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਅਜੇ ਤਕ ਬਰਗਾੜੀ ਮਾਮਲੇ ਦਾ ਇਨਸਾਫ਼ ਨਹੀਂ ਮਿਲਿਆ। ਕੈਪਟਨ ਅਮਰਿੰਦਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਵਿਚੋਂ ਕੋਈ ਵਾਅਦਾ ਪੂਰਾ ਨਹੀਂ ਹੋਇਆ। ਇਸ ਮੌਕੇ ਪੰਜਾਬ ਇੰਚਾਰਜ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ,ਸਾਰੇ ਵਿਧਾਇਕ ਸਰਵਜੀਤ ਸਿੰਘ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਪਿ੍ਰੰਸੀਪਲ ਬੁੱਧਰਾਮ, ਜਗਤਾਰ ਸਿੰਘ ਜੱਗਾ, ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖਜ਼ਾਨਚੀ ਨੀਨਾ ਮਿੱਤਲ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ, ਸੀਨੀਅਰ ਆਗੂ ਡਾ. ਬਲਬੀਰ ਸਿੰਘ, ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਅਸੋਕ ਤਲਵਾਰ, ਬਲਜੀਤ ਸਿੰਘ ਖਹਿਰਾ, ਧਰਮਜੀਤ ਸਿੰਘ ਕੰਮੇਆਣਾ,ਰਿੰਪੀ ਮਿੱਤਲ, ਹੋਰ ਆਗੂ, ਵਲੰਟੀਅਰ ਅਤੇ ਸਮਰਥਕ ਵੱਡੀ ਗਿਣਤੀ ਹਾਜ਼ਰ ਸਨ।
21 ਬਾਘਾ ਪੁਰਾਣਾ 01
ਕੈਪਸ਼ਨ : ਬਾਘਾ ਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। (ਸੰਦੀਪ)
ਫੋਟੋ ਨੰਬਰ-21 ਮੋਗਾ 09 ਪੀ