
ਬੀਬੀਆਂ ਨੇ ਕਿਹਾ-ਜਿੱਤ ਤੱਕ ਇੰਝ ਹੀ ਜਾਰੀ ਰਹੇਗਾ ਕਿਸਾਨਾਂ ਦਾ ਸਮਰਥਨ
ਮਾਨਸਾ (ਪਰਮਦੀਪ ਰਾਣਾ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦੇ ਕਿਸਾਨਾਂ ਵਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਅੰਦੋਲਨ ਕੀਤਾ ਜਾ ਰਿਹਾ ਹੈ। ਚਾਰ ਮਹੀਨਿਆਂ ਤੋਂ ਜਾਰੀ ਇਸ ਅੰਦੋਲਨ ਦੌਰਾਨ ਕਿਸਾਨਾਂ ਨੇ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਹੈ। ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਕਿਸਾਨ ਡਟੇ ਹੋਏ ਹਨ।
Village women
ਇਸੇ ਦੇ ਚਲਦਿਆਂ ਹੁਣ ਦਿੱਲੀ ਮੋਰਚੇ ’ਤੇ ਬੈਠੇ ਕਿਸਾਨਾਂ ਲਈ ਪੱਕੇ ਇੰਤਜ਼ਾਮ ਕੀਤੇ ਜਾ ਰਹੇ ਨੇ। ਭੀਖੀ ਦੀਆਂ ਔਰਤਾਂ ਵੱਲੋਂ ਮੋਰਚੇ ’ਤੇ ਡਟੇ ਕਿਸਾਨਾਂ ਲਈ ਮੰਜੇ ਤਿਆਰ ਕਰਕੇ ਭੇਜੇ ਜਾ ਰਹੇ ਹਨ ਤਾਂ ਜੋ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
Village women
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਲਈ ਮੰਜੇ ਤਿਆਰ ਕਰਨ ਵਾਲੀਆਂ ਬੀਬੀਆਂ ਨੇ ਕਿਹਾ ਕਿ ਉਹ ਮੋਰਚੇ ’ਤੇ ਡਟੇ ਕਿਸਾਨਾਂ ਦੇ ਨਾਲ ਹਨ, ਜੇਕਰ ਉਹ ਮੋਰਚੇ ’ਤੇ ਨਹੀਂ ਜਾ ਸਕਦੀਆਂ ਤਾਂ ਉਹ ਇੱਥੋਂ ਹੀ ਕਿਸਾਨਾਂ ਲਈ ਮੰਜੇ ਤਿਆਰ ਕਰਕੇ ਉਹਨਾਂ ਦਾ ਸਮਰਥਨ ਕਰ ਰਹੀਆਂ ਹਨ ਅਤੇ ਅੱਗੇ ਵੀ ਕਰਦੀਆਂ ਰਹਿਣਗੀਆਂ।
Village women
ਬੀਬੀਆਂ ਦਾ ਕਹਿਣਾ ਹੈ ਕਿ ਪਹਿਲਾਂ ਸਰਦੀਆਂ ਦੀ ਰੁੱਤ ਸੀ ਇਸ ਲਈ ਕਿਸਾਨ ਭਰਾ ਟਰਾਲੀਆਂ ਵਿਚ ਹੀ ਰਾਤ ਗੁਜ਼ਾਰ ਲੈਂਦੇ ਸਨ ਪਰ ਹੁਣ ਗਰਮੀ ਦਾ ਮੌਸਮ ਹੈ, ਗਰਮੀ ਵਿਚ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਤਾਂ ਇਸ ਦੇ ਲਈ ਮੰਜੇ ਤਿਆਰ ਕੀਤੇ ਜਾ ਰਹੇ ਹਨ।
Village women
ਇਸ ਤੋਂ ਪਹਿਲਾਂ ਵੀ ਸੰਗਰੂਰ ਦੇ ਪਿੰਡ ਨਗਲਾ ਦੀਆਂ ਔਰਤਾਂ ਨੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਮੰਜੇ ਬੁਣੇ ਸਨ। ਕਿਸਾਨਾਂ ਲਈ ਮੰਜੇ ਬੁਣ ਰਹੀਆਂ ਬੀਬੀਆਂ ਵਿਚ ਕਾਫੀ ਜੋਸ਼ ਦੇਖਿਆ ਗਿਆ। ਬੀਬੀਆਂ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੀ ਸਰਦੀ ਦੇ ਦਿਨਾਂ ਵਿਚ ਗਰਮ ਰਜਾਈਆਂ ਬਣਾ ਕੇ ਦਿੱਲੀ ਬਾਰਡਰ ਉੱਤੇ ਭੇਜੀਆਂ ਸਨ।