
ਸਾਰੇ ਵਿਧਾਇਕਾਂ ਨੇ ਸੱਤਾਧਾਰੀਆਂ ਦੇ ਪੱਖਪਾਤੀ ਰਵਈਏ 'ਤੇ ਨਿਰਾਸ਼ਾ ਪ੍ਰਗਟਾਈ
ਚੰਡੀਗੜ੍ਹ, 21 ਅਪ੍ਰੈਲ (ਨੀਲ ਭਲਿੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਾਇਰਸ ਵਿਰੁੱਧ ਜ਼ਮੀਨ 'ਤੇ ਲੜੀ ਜਾ ਰਹੀ ਜੰਗ ਦੌਰਾਨ ਸੱਤਾਧਾਰੀ ਜਮਾਤ ਕਾਂਗਰਸ ਦੇ ਪੱਖਪਾਤੀ ਵਤੀਰੇ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਲੋਕਾਂ, ਪੰਜਾਬ ਅਤੇ ਪੂਰੇ ਦੇਸ਼ ਦੇ ਭਲੇ ਲਈ ਇਸ ਔਖੀ ਘੜੀ 'ਚ ਹਰ ਇਕ ਭਾਰਤੀ ਨਾਗਰਿਕ ਨੂੰ ਧਰਮ, ਜਾਤ, ਰੰਗ ਅਤੇ ਸਿਆਸਤ ਦੇ ਭੇਦਭਾਵ ਤੋਂ ਉੱਤੇ ਉੱਠ ਕੇ ਇਕ-ਦੂਸਰੇ ਦਾ ਹੌਸਲਾ ਅਤੇ ਗ਼ਰੀਬਾਂ-ਲੋੜਵੰਦਾਂ ਦਾ ਸਹਾਰਾ ਬਣਨਾ ਚਾਹੀਦਾ ਹੈ, ਪ੍ਰੰਤੂ ਪੰਜਾਬ 'ਚ ਸੱਤਾਧਾਰੀ ਕਾਂਗਰਸ ਇਸ ਚੁਨੌਤੀ ਭਰੇ ਹਾਲਾਤ 'ਚ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦਾ ਕਾਂਗਰਸੀਕਰਨ ਕਰ ਕੇ ਲੋਕਾਂ ਅਤੇ ਪ੍ਰਸ਼ਾਸਨ ਦੋਵਾਂ ਦੀਆਂ ਮੁਸ਼ਕਲਾਂ-ਪਰੇਸ਼ਾਨੀਆਂ 'ਚ ਵਾਧਾ ਕਰ ਰਹੇ ਹਨ।
'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਇਹ ਨਿਰਾਸ਼ਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪਾਰਟੀ ਦੀ ਵੀਡੀਉ ਕਾਨਫ਼ਰੰਸਿੰਗ ਮੀਟਿੰਗ ਦੌਰਾਨ ਸਾਹਮਣੇ ਆਈਆਂ ਲਗਭਗ ਇੱਕੋ ਤਰ੍ਹਾਂ ਦੀਆਂ ਦਿੱਕਤਾਂ ਸੁਣਨ ਉਪਰੰਤ ਪ੍ਰਗਟ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਰਾਸ਼ਨ ਵੰਡਣ 'ਚ ਜੋ ਪੱਖਪਾਤ ਕਾਂਗਰਸੀ ਪਹਿਲੇ ਦਿਨ ਤੋਂ ਕਰਦੇ ਆ ਰਹੇ ਹਨ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਆਲ ਪਾਰਟੀ ਮੀਟਿੰਗ ਦੌਰਾਨ ਦਿਤੇ ਗਏ ਭਰੋਸੇ ਦੇ ਬਾਵਜੂਦ ਬਦਸਤੂਰ ਜਾਰੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿਤਾ ਸੀ ਕਿ ਜਿਨ੍ਹਾਂ ਲੋਕਾਂ ਦੇ ਰਾਸ਼ਨ-ਕਾਰਡ ਕੱਟ ਦਿਤੇ ਗਏ ਹਨ, ਉਨ੍ਹਾਂ ਨੂੰ ਲਾਕਡਾਊਨ ਦੌਰਾਨ ਰਾਸ਼ਨ ਮਿਲਣਾ ਜਾਰੀ ਰਹੇਗਾ, ਪਰ ਜ਼ਮੀਨੀ ਹਕੀਕਤ ਉਲਟ ਹੈ, ਜਿਸ ਪਿੰਡ 'ਚ 200 ਘਰਾਂ ਨੂੰ ਰਾਸ਼ਨ ਦੀ ਅਤਿ ਜ਼ਰੂਰਤ ਹੈ, ਉੱਥੇ 20 ਘਰਾਂ ਨੂੰ ਵੀ ਪੂਰਾ ਨਹੀਂ ਮਿਲ ਰਿਹਾ। ਕਿਸ ਘਰ ਨੂੰ ਦੇਣਾ ਹੈ ਅਤੇ ਕਿਸ ਨੂੰ ਨਹੀਂ ਇਸ ਦਾ ਫ਼ੈਸਲਾ ਪ੍ਰਸ਼ਾਸਨ ਦੀ ਥਾਂ ਸਥਾਨਕ ਕਾਂਗਰਸੀ ਕਰ ਰਹੇ ਹਨ। ਭਗਵੰਤ ਮਾਨ ਨੇ ਇਸ ਗੱਲ 'ਤੇ ਵੀ ਨਿਰਾਸ਼ਾ ਜਤਾਈ ਕਿ ਤਲਵੰਡੀ ਸਾਬੋ ਦੀ ਦਾਣਾ ਮੰਡੀ 'ਚ ਉਦੋਂ ਤੱਕ ਖ਼ਰੀਦ ਦਾ ਕੰਮ ਸ਼ੁਰੂ ਨਹੀਂ ਹੋਇਆ ਜਦੋਂ ਤੱਕ ਵਿਧਾਨ ਸਭਾ ਚੋਣਾਂ 'ਚ ਲੋਕਾਂ ਵੱਲੋਂ ਹਰਾਇਆ ਗਿਆ ਕਾਂਗਰਸੀ ਉਮੀਦਵਾਰ (ਹਲਕਾ ਇੰਚਾਰਜ) ਉਸ ਦਾ ਉਦਘਾਟਨ ਨਹੀਂ ਕਰ ਕੇ ਗਿਆ।
ਮਾਨ ਨੇ ਕਿਹਾ ਕਿ ਇਸ ਮੌਕੇ ਪ੍ਰਸ਼ਾਸਨ ਨੂੰ ਮੁੱਖ ਵਿਰੋਧੀ ਧਿਰ ਵਜੋਂ ਨਾ ਕੇਵਲ ਆਮ ਆਦਮੀ ਪਾਰਟੀ ਬਲਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕਾਂ-ਆਗੂਆਂ ਲੋੜਵੰਦਾਂ ਦੀਆਂ ਸੂਚੀਆਂ ਹਾਸਲ ਕਰਨ ਲਈ ਸੰਪਰਕ 'ਚ ਰਹਿਣਾ ਚਾਹੀਦਾ ਹੈ ਤਾਂ ਕਿ ਇੱਕ ਵੀ ਨਾਗਰਿਕ ਦੋ ਡੰਗ ਦੀ ਰੋਟੀ ਤੇ ਲੋੜੀਂਦੀ ਦਵਾਈ ਆਦਿ ਤੋਂ ਵਾਂਝਾ ਨਾ ਰਹੇ। ਭਗਵੰਤ ਮਾਨ ਨੇ ਕਿਹਾ ਕਿ ਪੀਜੀਆਈ ਚੰਡੀਗੜ੍ਹ ਸਮੇਤ ਰਾਜ ਦੇ ਜ਼ਿਲ੍ਹਾ ਤੇ ਤਹਿਸੀਲ ਹਸਪਤਾਲਾਂ 'ਚ ਕੋਰੋਨਾ ਤੋਂ ਇਲਾਵਾ ਦੂਸਰੀਆਂ ਬੀਮਾਰੀਆਂ ਲਈ ਓ.ਪੀ.ਡੀ ਸ਼ੁਰੂ ਨਾ ਹੋਣ ਕਰ ਕੇ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਵੀ ਪੰਜਾਬ ਅਤੇ ਕੇਂਦਰ ਦਾ ਧਿਆਨ ਮੰਗਦੀਆਂ ਹਨ।
Bhagwant Mann
ਇਸੇ ਤਰ੍ਹਾਂ ਕੋਟਾ (ਰਾਜਸਥਾਨ) ਸਮੇਤ ਵੱਖ-ਵੱਖ ਰਾਜਾਂ 'ਚ ਫਸੇ ਵਿਦਿਆਰਥੀਆਂ, ਹਜ਼ੂਰ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ 'ਤੇ ਫਸੇ ਸ਼ਰਧਾਲੂਆਂ ਅਤੇ ਵਿਦੇਸ਼ਾਂ 'ਚ ਫਸੇ ਭਾਰਤੀ ਪੰਜਾਬੀਆਂ ਨੂੰ ਵਿਸ਼ੇਸ਼ ਪ੍ਰਬੰਧਾਂ ਰਾਹੀਂ ਵਾਪਸ ਲਿਆਉਣ 'ਚ ਹੋ ਰਹੀ ਦੇਰੀ 'ਤੇ ਵੀ ਭਗਵੰਤ ਮਾਨ ਨੇ ਨਾਖੁਸ਼ੀ ਪ੍ਰਗਟ ਕੀਤੀ।
'ਆਪ' ਵਿਧਾਇਕਾਂ ਨੇ ਮੰਡੀਆਂ 'ਚ ਕੂਪਨ ਸਿਸਟਮ ਫਲਾਪ ਹੋਣ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੀ ਵਧ ਰਹੀਆਂ ਮੁਸ਼ਕਲਾਂ ਸਮੇਤ ਲੇਬਰ ਨੂੰ ਤਿੰਨ ਗੁਣਾ ਵੱਧ ਮਿਹਨਤਾਨਾ ਅਤੇ ਕਣਕ ਦੀ ਖ਼ਰੀਦ ਲਈ ਨਮੀ ਦੀ ਸ਼ਰਤ 12 ਫ਼ੀਸਦੀ ਤੋਂ ਵਧਾ ਕੇ 14 ਫ਼ੀ ਸਦੀ ਕਰਨ 'ਤੇ ਜ਼ੋਰ ਦਿਤਾ।
ਭਗਵੰਤ ਮਾਨ ਨੇ ਦਸਿਆ ਕਿ ਉਹ ਕਣਕ ਦੀ ਖ਼ਰੀਦ, ਲੇਬਰ ਦੇ ਮਿਹਨਤਾਨੇ ਅਤੇ ਨਮੀ ਦੀਆਂ ਸ਼ਰਤਾਂ ਢਿੱਲੀਆਂ ਕਰਨ ਬਾਰੇ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਹਨ, ਜਦਕਿ ਸ਼ੈਲਰ ਉਦਯੋਗ ਲਈ ਚੋਲਾਂ ਦੀ 67 ਪ੍ਰਤੀਸ਼ਤ ਡਿਲਿਵਰੀ ਨੂੰ 64 ਪ੍ਰਤੀਸ਼ਤ ਕਰਨਾ ਅਤੇ ਗੁਦਾਮਾਂ 'ਚ ਪਏ ਅਨਾਜ ਦੀ ਦੂਜੇ ਰਾਜਾਂ 'ਚ ਲਿਫ਼ਟਿੰਗ ਹੋਰ ਤੇਜ਼ ਕਰਨ ਦਾ ਮਾਮਲਾ ਪ੍ਰਧਾਨ ਮੰਤਰੀ, ਕੇਂਦਰੀ ਫੂਡ ਸਪਲਾਈ ਮੰਤਰੀ ਅਤੇ ਰੇਲ ਮੰਤਰੀ ਕੋਲ ਉਠਾ ਰਹੇ ਹਨ।
ਵੀਡੀਓ ਕਾਨਫਰੰਸਿੰਗ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਰੁਪਿੰਦਰ ਕੌਰ ਰੂਬੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਸੰਗਠਨ ਇੰਚਾਰਜ ਗੈਰੀ ਬੜਿੰਗ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਨੇ ਹਿੱਸਾ ਲਿਆ।