
ਰਾਸ਼ਨ ਦੀ ਵੰਡ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਭੁੱਖ ਸੱਭ ਨੂੰ ਲਗਦੀ ਹੈ
ਅੰਮ੍ਰਿਤਸਰ, 21 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਕਰੋਨਾ ਵਾਇਰਸ ਦੀ ਮਹਾਮਾਰੀ ਤੇ ਗਿ. ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੇਂਦਰ 'ਤੇ ਜ਼ੋਰ ਦਿਤਾ ਕਿ ਉਹ ਪੰਜਾਬ ਸਰਕਾਰ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਦੇਵੇ ਤਾਂ ਜੋ ਸੂਬੇ ਦੇ ਲੋਕਾਂ ਤਕ ਰਾਸ਼ਨ ਤੇ ਹੋਰ ਸਮਾਨ ਮੁਹਈਆ ਕਰਾਵਇਆ ਜਾ ਸਕੇ। ਜਥੇਦਾਰ ਮੁਤਾਬਕ ਰਾਸ਼ਨ ਦੀ ਵੰਡ ਪ੍ਰਣਾਲੀ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਭੁੱਖ ਸੱਭ ਨੂੰ ਲਗਦੀ ਹੈ, ਭਾਵੇਂ ਉਹ ਕਾਂਗਰਸੀ, ਅਕਾਲੀ ਜਾਂ ਕਮਿਊਨਿਸਟ ਹੈ। ਰਾਸ਼ਨ ਦੀ ਵੰਡ ਮਨੁੱਖਤਾ ਆਧਾਰਤ ਹੋਣੀ ਚਾਹੀਦੀ ਹੈ।
ਜਥੇਦਾਰ ਕਿਹਾ ਕਿ ਕਰੋਨਾ ਵਾਇਰਸ ਸਰਕਾਰਾਂ ਨੂੰ ਬੇਨਕਾਬ ਕਰਨ ਦੇ ਨਾਲ-ਨਾਲ ਪਰਦੇ ਵੀ ਪਾਵੇਗਾ। ਕਰੋਨਾ ਦਾ ਡਰ ਮਨ ਤੋਂ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਇਸ ਲਾ-ਇਲਾਜ ਬੀਮਾਰੀ ਵਿਰੁਧ ਮਾਨਸਿਕ ਮਨੋਬਲ ਉੱਚਾ ਹੋ ਸਕੇ। ਜਥੇਦਾਰ ਮੁਤਾਬਕ ਕਰੋਨਾ ਵਾਇਰਸ ਤੇ ਲੋਕਾਈਂ ਨੂੰ ਖਾਣ-ਪੀਣ ਦੀਆਂ ਵਸਤਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿੰਦਗੀ ਜਿਊਣ ਦਾ ਢੰਗ ਬਦਲਣਾ ਪਵੇਗਾ। ਉਨ੍ਹਾਂ ਪੰਜਾਬ ਦੇ ਕਿਸਾਨ ਖਾਸ ਤੌਰ 'ਤੇ ਕਿਹਾ ਕਿ ਉਹ ਕੀਟਨਾਸ਼ਕ ਦੀ ਥਾਂ ਰੋਗ-ਮੁਕਤ ਫ਼ਸਲਾਂ ਦਾ ਉਤਪਾਦਨ ਕਰੇ, ਲੋਕ ਜ਼ਹਿਰ ਖਾ ਰਹੇ ਹਨ। ਇਹ ਸੱਭ ਸਾਨੂੰ ਬਦਲਣਾ ਪੈਣਾ ਹੈ। ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਗੁੰਬਦ ਦਾ ਡਿੱਗਣਾ ਕੋਈ ਵੱਡਾ ਮਸਲਾ ਨਹੀਂ ਹੈ। ਉਹ ਗੁੰਬਦ ਫ਼ਾਈਬਰ ਦੇ ਸਨ, ਜੋ ਪ੍ਰਬੰਧਕਾਂ ਨੇ ਮੁੜ ਸਥਾਪਤ ਕਰ ਦਿਤੇ ਹਨ। ਜਥੇਦਾਰ ਨੇ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਦੇ ਦੇਹਾਂਤ ਸਬੰਧੀ ਸਪੱਸ਼ਟ ਕੀਤਾ ਕਿ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਪੀੜਤ ਪਰਵਾਰ ਦੇ ਨਾਲ-ਨਾਲ ਪੰਥ ਦੇ ਸ਼ੱਕ ਵੀ ਦੂਰ ਕਰਨੇ ਚਾਹੀਦੇ ਹਨ।
ਇਹ ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਬੇਟੇ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।