
ਚੰਨੀ ਵਲੋਂ ਸ਼ਹਿਰ 'ਚ ਸਫ਼ਾਈ ਪੰਦਰਵਾੜੇ ਦੀ ਸ਼ੁਰੂਆਤ
ਮੋਰਿੰਡਾ, 21 ਅਪ੍ਰੈਲ (ਰਾਜ ਕੁਮਾਰ ਦਸੌੜ, ਮੋਹਨ ਸਿੰਘ ਅਰੋੜਾ) : ਕੋਵਿਡ-19 ਦੇ ਚਲਦਿਆਂ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਸਾਡੇ ਆਲੇ-ਦੁਆਲੇ ਦੀ ਸਫ਼ਾਈ ਵੀ ਅਤਿ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ਨਗਰ ਕੌਂਸਲ ਦਫ਼ਤਰ ਮੋਰਿੰਡਾ ਵਿਖੇ ਸਫ਼ਾਈ ਸੇਵਕਾਂ ਨਾਲ ਝਾੜੂ ਲਗਾ ਕੇ ਸ਼ਹਿਰ ਵਿਚ ਸਫ਼ਾਈ ਪੰਦਰਵਾੜੇ ਦੀ ਸ਼ੁਰੂਆਤ ਕਰਨ ਦੌਰਾਨ ਕੀਤਾ। ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਕੋਰੋਨਾ ਕਾਲ ਦੇ ਚੱਲਦਿਆਂ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਦੇ ਨਾਲ-ਨਾਲ ਅਪਣੇ ਆਲੇ-ਦੁਆਲੇ ਦੀ ਸਾਫ਼- ਸਫ਼ਾਈ ਦਾ ਖਿਆਲ ਰੱਖਣਾ ਵੀ ਬਹੁਤ ਜਰੁਰੀ ਹੈ, ਜਿਸਦੀ ਚੱਲਦਿਆਂ ਸਫ਼ਾਈ ਸੇਵਕਾਂ ਵਲੋਂ ਸ਼ਹਿਰ 'ਚ ਮੁਹਾਲਿਆਂ ਦੀਆਂ ਗਲੀਆਂ-ਨਾਲੀਆਂ, ਨਾਲੇ, ਬਾਜ਼ਾਰਾਂ ਦੀਆਂ ਸੜਕਾਂ, ਪਾਰਕਾਂ, ਖਾਲੀ ਪਲਾਟਾਂ ਅਤੇ ਹੋਰ ਸਥਾਨਾ ਦੀ ਲਗਾਤਾਰ 15 ਦਿਨ ਸਾਫ਼-ਸਫ਼ਾਈ ਕੀਤੀ ਜਾਵੇਗੀ।
ਉਨ੍ਹਾ ਕਿਹਾ ਕਿ ਕੋਰੋਨਾ ਵਾਇਰਸ ਪੰਜਾਬ ਵਿੱਚ ਫੈਲ ਰਿਹਾ ਹੈ ਅਤੇ ਕਰਫ਼ਿਉ ਦੌਰਾਂਨ ਅਪਣੀਆਂ ਡਿਊਟੀਆਂ ਨਿਭਾ ਰਹੇ ਵੱਡੇ-ਵੱਡੇ ਪ੍ਰਸਾਸ਼ਨਿਕ ਅਧਿਕਾਰੀ ਵੀ ਇਸ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਲਈ ਮੋਕੇ ਦੀ ਨਿਜਾਕਤ ਨੂੰ ਸਮਝਦੇ ਹੋਏ ਦਾਇਤਾਂ ਦਾ ਪਾਲਣਾ ਕਰਦੇ ਹੋਏ ਘਰਾਂ 'ਚ ਹੀ ਰਹੋ ਅਤੇ ਅਪਣੇ ਪਰਵਾਰ ਦੀ ਰੱਖਿਆ ਲਈ ਆਪਸੀ ਦੂਰੀ ਬਣਾ ਕੇ ਰੱਖੋ। ਉਨ੍ਹਾਂ ਵਲੋਂ ਸਫ਼ਾਈ ਸੇਵਕਾਂ ਨੂੰ ਮਾਸਕ ਤੇ ਦਸਤਾਨੇ ਮਹਿਲਾ ਸਫ਼ਾਈ ਸੇਵਕਾਂ ਨੂੰ ਬੂਟ ਵੀ ਵੰਡੇ ਗਏ। ਇਸ ਮੌਕੇ ਹਰਬੰਸ ਸਿੰਘ ਐਸ.ਡੀ ਐਮ ਮੋਰਿੰਡਾ, ਅਮਨਦੀਪ ਚਾਵਲਾ ਤਹਿਸੀਲਦਾਰ ਮੋਰਿੰਡਾ, ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਮੋਰਿੰਡਾ, ਅਸ਼ੋਕ ਪਥਰੀਆ ਕਾਰਜ ਸਾਧਕ ਅਫ਼ਸਰ ਮੋਰਿੰਡਾ, ਸਰਪੰਚ ਬੰਤ ਸਿੰਘ ਕਲ੍ਹਾਰਾਂ ਪ੍ਰਧਾਨ ਗ੍ਰਾਮ ਪੰਚਾਇਤ ਯੂਨੀਅਨ ਬਲਾਕ ਮੋਰਿੰਡਾ, ਨਗਰ ਕੋਂਸਲ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ।