
ਭਾਰਤ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਮੰਗਲਵਾਰ ਸ਼ਾਮ 19 ਹਜ਼ਾਰ 165 ਹੋ ਗਿਆ ਹੈ। ਹਾਲਾਂਕਿ ਤਾਜ਼ਾ ਆਏ ਕੇਸਾਂ ਦੀ ਗਿਣਤੀ 622 ਦੇ ਕਰੀਬ ਹੈ
ਚੰਡੀਗੜ੍ਹ, 21 ਅਪ੍ਰੈਲ (ਨੀਲ ਭਲਿੰਦਰ ਸਿੰਘ): ਭਾਰਤ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਮੰਗਲਵਾਰ ਸ਼ਾਮ 19 ਹਜ਼ਾਰ 165 ਹੋ ਗਿਆ ਹੈ। ਹਾਲਾਂਕਿ ਤਾਜ਼ਾ ਆਏ ਕੇਸਾਂ ਦੀ ਗਿਣਤੀ 622 ਦੇ ਕਰੀਬ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਪੰਜਾਬ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਦਿਲੀ ਆਦਿ ਵਿਚ ਆਏ ਕੇਸ ਜਿਆਦਾਤਰ ਉਹਨਾਂ ਮਰੀਜਾਂ ਦੇ ਹਨ ਜਿਹਨਾਂ ਦੀ ਨਾ ਤਾਂ ਕੋਈ ਯਾਤਰਾ ਦਾ ਪਿਛੋਕੜ (ਟਰੈਵਲ ਹਿਸਟਰੀ) ਹੈ ਅਤੇ ਨਾ ਹੀ ਉਹਨਾਂ ਦੇ ਕਿਸੇ ਅਜਿਹੇ ਕਰੀਬੀ ਰਿਸ਼ਤੇਦਾਰ, ਦੋਸਤ, ਮਿੱਤਰ, ਗੁਆਂਢੀ ਆਦਿ ਦੀ ਸੰਪਰਕ ਵਿਚ ਆਏ ਹੋਣ।
ਕਈ ਅਜਿਹੇ ਵੀ ਹਨ ਜਿਹਨਾ ਦਾ ਨਾ ਤਾਂ ਹਸਪਤਾਲਾਂ ਨਾਲ ਕੋਈ ਸਬੰਧ ਰਿਹਾ ਹੈ ਅਤੇ ਨਾ ਹੀ ਉਹ ਕਿਸੇ ਕਰੋਨਾ ਪੀੜਤ ਦੇ ਸੰਪਰਕ ਵਿਚ ਆਏ ਹਨ। ਇੰਨਾ ਹੀ ਨਹੀਂ ਹੁਣ ‘ਬਗੈਰ ਲੱਛਣਾਂ’ ਵਾਲੇ ਮਰੀਜ ਵੀ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਭਾਰਤ ਸਰਕਾਰ ਖਾਸਕਰ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਦੀ ਕਮਿਊਨਿਟੀ ਟਰਾਂਸਮਿਸ਼ਨ (ਸਮੁਦਾਇਕ ਪਸਾਰ) ਬਾਰੇ ਚਿੰਤਾ ਵਧਾ ਦਿਤੀ ਹੈ। ਜਿਸ ਨੂੰ ਕਰੋਨਾ ਵਾਇਰਸ ਦੀ ਸਭ ਤੋਂ ਖਤਰਨਾਕ ਤੀਜੀ ਸਟੇਜ ਕਿਹਾ ਜਾਂਦਾ ਹੈ। ਹਾਲਾਂਕਿ ਕਰੀਬ ਇਕ ਹਫ਼ਤਾ ਪਹਿਲਾਂ ਹੀ ਵਿਸ਼ਵ ਸਿਹਤ ਸੰਸਥਾ (ਡਬਲਿਊ ਐਚ ਓ) ਹਾਲੇ ਭਾਰਤ ਤੀਜੀ ਸਟੇਜ ਤੋਂ ਬਚਿਆ ਹੋਇਆ ਹੋਣ ਦਾ ਦਾਅਵਾ ਕਰ ਚੁੱਕੀ ਹੈ, ਪਰ ਰੈਪਿਡ ਟੈਸਟਿੰਗ ਮਗਰੋਂ ਸਾਹਮਣੇ ਆ ਰਹੇ ਕੇਸ ਬਹੁਤੇ ਅਣਜਾਣ ਕਾਰਨਾਂ ਵਾਲੇ ਹੋਣ ਸਦਕਾ ਹੁਣ ਭਾਰਤ ਸਾਹਮਣੇ ਤੀਜੀ ਸਟੇਜ ਨਾ ਆਉਣ ਦੇਣਾ ਵੱਡੀ ਚੁਨੌਤੀ ਮੰਨਿਆ ਜਾਣ ਲੱਗ ਪਿਆ ਹੈ।
ਪੰਜਾਬ ਵਿਚ ਵੀ ਹੁਣ ਤਕ ਆਏ 251 ਕੇਸਾਂ ਚੋਂ ਤਿੰਨ ਦਰਜਨ ਤੋਂ ਵੱਧ ਕੇਸ ਹੁਣ ਤਕ ਵੀ ਕਾਰਨਾਂ ਨੂੰ ਲੈ ਕੇ ਵੱਡੀ ਬੁਝਾਰਤ ਬਣੇ ਹੋਏ ਹਨ। ਇਕ ਮੋਟੇ ਜਿਹੇ ਅੰਦਾਜੇ ਮੁਤਾਬਿਕ ਕਰੋਨਾ ਕੇਸਾਂ ਵਾਲੇ ਪੰਜਾਬ ਜਿਲਿਆਂ ਚੋ ਕਰੀਬ ਇਕ ਦਰਜਨ ਜ਼ਿਲਿ੍ਹਆਂ ਵਿਚ ਆਏ 40 ਦੇ ਕਰੀਬ ਕੇਸ ਕਾਰਨਾਂ ਨੂੰ ਲੈ ਕੇ ਹਾਲੇ ਵੀ ਵੱਡੀ ਬੁਝਾਰਤ ਸਾਬਿਤ ਹੋ ਰਹੇ ਹਨ। ਜਿਹਨਾ ਵਿਚ ਦੋ ਦਰਜਨ ‘ਬੁਝਾਰਤ’ ਕੇਸ ਸਿਰਫ਼ ਜਲ਼ੰਧਰ, ਲੁਧਿਆਣਾ, ਪਠਾਨਕੋਟ, ਪਟਿਆਲਾ ਜਿਲਿਆਂ ਵਿਚ ਹੀ ਹਨ।
ਓਧਰ ਦੂਜੇ ਪਾਸੇ ਆਧਰਾ ਪ੍ਰਦੇਸ਼ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਕੰਮਿਉਨਿਟੀ ਟਰਾਂਸਮਿਸ਼ਨ ਦੀ ਚਿੰਤਾ ਸਾਫ਼ ਕਰਦੇ ਹੋਏ ਕਿਹਾ ਹੈ ਕਿ ਵਿਜੈਵਾੜਾ ਵਿਚ ਪਾਜ਼ੇਟਿਵ ਮਾਮਲਿਆਂ ’ਚੋਂ ਲੱਗਭਗ ਅੱਧੇ ਦੇ ਸੋਰਸ ਬਾਰੇ ’ਚ ਕੁੱਝ ਪਤਾ ਹੀ ਨਹੀਂ ਹੈ ਅਤੇ ਸਭ ਰੋਗੀਆਂ ਵਿਚ ਕੋਈ ਲਛਣ ਨਹੀਂ ਹੈ ਤੇ ਨਾ ਹੀ ਇਹਨਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਓਧਰ ਪੰਜਾਬ ’ਚ ਸੱਤ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਪੰਜ ਪਟਿਆਲਾ ਤੇ ਇਕ-ਇਕ ਕੇਸ ਮੁਹਾਲੀ ਤੇ ਜਲੰਧਰ ’ਚ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੰਜਾਬ ’ਚ ਪੌਜ਼ੇਵਿਟ ਮਰੀਜ਼ਾਂ ਦੀ ਕੁੱਲ ਗਿਣਤੀ 251 ਤਕ ਪਹੁੰਚ ਗਈ ਹੈ।