
ਇੰਦਰਜੀਤ ਸਿੰਘ ਦੇ ਵਿਛੋੜੇ 'ਤੇ ਪੰਥਕ ਹਲਕਿਆਂ 'ਚ ਸੋਗ ਅਤੇ ਮਾਤਮ ਛਾਇਆ!
ਕੋਟਕਪੂਰਾ, 21 ਅਪ੍ਰੈਲ (ਗੁਰਿੰਦਰ ਸਿੰਘ) : ਬਠਿੰਡਾ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਸਥਿਤ ਕਸਬਾ ਬਾਜਾਖਾਨਾ ਵਿਖੇ ਬੀਤੀ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਖ਼ਾਲਸਾ ਏਡ ਦੇ ਦੋ ਸੇਵਾਦਾਰਾਂ 'ਚੋਂ ਇਕ ਦੀ ਦੁਖਦਾਇਕ ਮੌਤ ਅਤੇ ਦੂਜੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਦੁਨੀਆਂ ਭਰ 'ਚ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ 'ਚ ਯਤਨਸ਼ੀਲ ਖ਼ਾਲਸਾ ਏਡ ਦੇ ਸੇਵਕ ਨੌਜਵਾਨ ਦੀ ਮੌਤ ਦੀ ਖਬਰ ਨਾਲ ਪੰਥਕ ਹਲਕਿਆਂ 'ਚ ਮਾਤਮ ਅਤੇ ਸੋਗ ਦਾ ਮਾਹੌਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖ਼ਾਲਸਾ ਏਡ ਦੇ ਸੇਵਾਦਾਰ ਇੰਦਰਜੀਤ ਸਿੰਘ ਅਤੇ ਜਗਪ੍ਰੀਤ ਸਿੰਘ ਵਾਸੀ ਦੇਹਰਾਦੂਨ ਜਥੇਬੰਦੀ ਦੀ ਗੱਡੀ ਨੰਬਰ ਤੋਂ ਫ਼ਰੀਦਕੋਟ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਸੇਵਾ ਦੇਣ ਤੋਂ ਬਾਅਦ ਕੋਰੋਨਾ ਬਿਮਾਰੀ 'ਚ ਵਰਤੀਆਂ ਜਾਣ ਵਾਲੀਆਂ ਪੀਪੀਈ ਕਿੱਟਾਂ ਅਤੇ ਹੋਰ ਸਮਾਨ ਬਠਿੰਡਾ ਵਿਖੇ ਦੇਣ ਲਈ ਜਾਂਦੇ ਸਮੇਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਈ। ਕੋਈ ਅਵਾਰਾ ਪਸ਼ੂ ਆ ਜਾਣ, ਬਰਸਾਤ ਜਾਂ ਤੇਜ ਰਫ਼ਤਾਰ ਕਰ ਕੇ ਵਾਪਰੇ ਹਾਦਸੇ ਕਾਰਨ ਦੋਨਾਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ 'ਚ ਤੁਰਤ ਬਠਿੰਡਾ ਵਿਖੇ ਇਕ ਪ੍ਰਾਈਵੇਟ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਨੌਜਵਾਨ ਇੰਦਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਦਸਣਯੋਗ ਹੈ ਕਿ ਇਸ ਸਮੇਂ 'ਖ਼ਾਲਸਾ ਏਡ' ਲੋੜਵੰਦ ਲੋਕਾਂ ਲਈ ਪੂਰੀ ਦੁਨੀਆਂ 'ਚ ਸਹਾਰਾ ਬਣੀ ਹੋਈ ਹੈ। ਸੰਸਥਾ ਵਲੋਂ ਲੋੜਵੰਦਾਂ ਨੂੰ ਦਾਲ, ਸੁੱਕੀ ਸਬਜ਼ੀ, ਚੌਲ, ਰੋਟੀਆਂ ਆਦਿ ਸਮਾਨ ਵੰਡਿਆ ਜਾ ਰਿਹਾ ਹੈ। ਜਿਨ੍ਹਾਂ ਗ਼ਰੀਬ ਪਰਵਾਰਾਂ 'ਚ ਦੁੱਧ ਦੀ ਸਪਲਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੰਸਥਾ ਵਲੋਂ ਦੁੱਧ ਵੀ ਪਹੁੰਚਾਇਆ ਜਾ ਰਿਹਾ ਹੈ।
ਇਸ ਮੰਦਭਾਗੀ ਘਟਨਾ ਦੌਰਾਨ ਖ਼ਾਲਸਾ ਏਡ ਦੇ ਹੀਰੇ ਇੰਦਰਜੀਤ ਸਿੰਘ ਦੇਹਰਾਦੂਨ ਦੇ ਚਲੇ ਜਾਣ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਖ਼ਾਲਸਾ ਏਡ ਦੇ ਸਰਗਰਮ ਆਗੂ ਭਾਈ ਅਮਨਦੀਪ ਸਿੰਘ ਬਾਜਾਖਾਨਾ, ਭਾਈ ਗੁਰਪ੍ਰੀਤ ਸਿੰਘ ਚੰਦਬਾਜਾ, ਡਾ ਅਵੀਨਿੰਦਰਪਾਲ ਸਿੰਘ, ਇੰਜ. ਬਲਵਿੰਦਰ ਸਿੰਘ ਮਿਸ਼ਨਰੀ, ਸ਼ਿਵਜੀਤ ਸਿੰਘ ਸੰਘਾ, ਸੁਖਵਿੰਦਰ ਸਿੰਘ ਬੱਬੂ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।