
ਦੁਨੀਆਂ ਭਰ ’ਚ ਫੈਲੀ ਮਹਾਂਮਾਰੀ ਕਾਰਨ ਸਰਕਾਰਾਂ ਨੂੰ ਲਗਾਉਣੀਆਂ ਪਈਆਂ ਤਾਲਾਬੰਦੀਆਂ ਕਾਰਨ ਹੁਣ ਆਰਥਕ ਦੁਸਵਾਰੀਆਂ ਨੇ ਘੇਰਨਾ ਸ਼ੁਰੂ ਕਰ ਦਿਤਾ ਹੈ।
ਬਠਿੰਡਾ, 21 ਅਪ੍ਰੈਲ (ਸੁਖਜਿੰਦਰ ਮਾਨ): ਦੁਨੀਆਂ ਭਰ ’ਚ ਫੈਲੀ ਮਹਾਂਮਾਰੀ ਕਾਰਨ ਸਰਕਾਰਾਂ ਨੂੰ ਲਗਾਉਣੀਆਂ ਪਈਆਂ ਤਾਲਾਬੰਦੀਆਂ ਕਾਰਨ ਹੁਣ ਆਰਥਕ ਦੁਸਵਾਰੀਆਂ ਨੇ ਘੇਰਨਾ ਸ਼ੁਰੂ ਕਰ ਦਿਤਾ ਹੈ। ਇਸੇ ਕਾਰਨ ਅੱਜ ਬਠਿੰਡਾ ਸ਼ਹਿਰ ਦੇ ਇਕ ਦਰਜ਼ੀ ਨੇ ਅਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਸਥਾਨਕ ਹਰਬੰਸ ਨਗਰ ਦੇ ਰਹਿਣ ਵਾਲੇ ਮ੍ਰਿਤਕ ਅਵਤਾਰ ਸਿੰਘ(40) ਪੁੱਤਰ ਦਰਸ਼ਨ ਸਿੰਘ ਦਾ ਪਿਛਲੇ ਇਕ ਮਹੀਨੇ ਤੋਂ ਕੰਮ ਠੱਪ ਪਿਆ ਸੀ।
ਆਰਥਕ ਤੰਗੀ ਦੇ ਚੱਲਦੇ ਅਵਤਾਰ ਸਿੰਘ ਮਾਨਸਿਕ ਤੌਰ ’ਤੇ ਪੇ੍ਰਸਾਨ ਚੱਲ ਰਿਹਾ ਸੀ ਤੇ ਇਸੇ ਪੇ੍ਰਸਾਨੀ ਦੇ ਚੱਲਦਿਆਂ ਅੱਜ ਉਸਨੇ ਸਥਾਨਕ ਦਿੱਲੀ ਰੇਲਵੇ ਲਾਈਨ ਉਪਰ ਮਾਲ ਗੱਡੀ ਹੇਠ ਆ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸਹਾਰਾ ਵਰਕਰਾਂ ਵਲੋਂ ਲਾਸ਼ ਨੂੰ ਰੇਲਵੇ ਲਾਈਨ ਤੋਂ ਚੁੱਕ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਪਹੁੰਚਾਇਆ ਗਿਆ।