ਬੀਤੇ ਦਿਨ ਗ਼ੈਰ ਕਾਨੂੰਨੀ ਮਾਈਨਿੰਗ ਵਾਲੇ 6 ਕਰੱਸ਼ਰ ਕੀਤੇ ਗਏ ਸਨ ਸੀਲ
ਮੁਹਾਲੀ : ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿੱਚ ਰੇਤ ਮਾਫ਼ੀਆ 'ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੇ ਚਲਦੇ ਹੀ ਹੁਣ ਮਾਨ ਸਰਕਾਰ ਨੇ ਦਾਗ਼ੀ ਅਫ਼ਸਰਾਂ ਖ਼ਿਲਾਫ਼ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਰੋਪੜ-ਮੁਹਾਲੀ ਦੇ ਮਾਈਨਿੰਗ ਅਫ਼ਸਰ ਵਿਪਨ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ।
ਮਾਈਨਿੰਗ ਮੰਤਰੀ ਨੇ ਬੀਤੇ ਦਿਨ ਰੋਪੜ ਦੇ ਖੇੜਾ ਕਲਮੋਟ ਮਾਈਨਿੰਗ ਸਾਈਟ 'ਤੇ ਸਾਰੇ 6 ਕਰੱਸ਼ਰ ਸੀਲ ਕਰਵਾਏ ਸਨ। ਮਾਈਨਿੰਗ ਅਫ਼ਸਰ ਨੂੰ ਮੁਅੱਤਲ ਕਰਕੇ ਚੀਫ਼ ਇੰਜਨੀਅਰ (ਮਾਈਨਿੰਗ) ਨਾਲ ਜੋੜ ਦਿੱਤਾ ਗਿਆ ਹੈ। ਹੁਣ ਉਸ ਖ਼ਿਲਾਫ਼ ਚਾਰਜਸ਼ੀਟ ਤਿਆਰ ਕੀਤੀ ਜਾਵੇਗੀ।
ਦੱਸ ਦੇਈਏ ਕਿ ਪੰਜਾਬ ਵਿੱਚ ਰੇਤ ਮਾਫ਼ੀਆ ਨੂੰ ਖਤਮ ਕਰਨ ਲਈ ਸਰਕਾਰ ਨੇ ਆਈਏਐਸ ਕ੍ਰਿਸ਼ਨ ਕੁਮਾਰ ਨੂੰ ਕਮਾਨ ਸੌਂਪੀ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਸਿੱਖਿਆ ਤੋਂ ਹਟਾ ਕੇ ਮਾਈਨਿੰਗ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਬਣਾਇਆ ਗਿਆ ਸੀ। ਕ੍ਰਿਸ਼ਨ ਕੁਮਾਰ ਸਿੱਖਿਆ ਵਿੱਚ ਸੁਧਾਰਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ ਹਨ। ਹਾਲਾਂਕਿ ਅਧਿਆਪਕ ਉਨ੍ਹਾਂ ਦੀ ਸਖਤੀ 'ਤੇ ਕਈ ਵਾਰ ਸਵਾਲ ਚੁੱਕਦੇ ਰਹੇ ਹਨ।
ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਸਰਕਾਰ ਨੇ ਰੇਤ ਦੀ ਖੁਦਾਈ ਕਰਨ ਵਾਲੇ ਠੇਕੇਦਾਰਾਂ ਨੂੰ ਗੰਨਮੈਨ ਮੁਹੱਈਆ ਕਰਵਾਏ ਸਨ। ਇਕ ਠੇਕੇਦਾਰ ਨਾਲ 3 ਗੰਨਮੈਨ ਹੋਣ ਦਾ ਖ਼ੁਲਾਸਾ ਹੋਇਆ ਹੈ। ਇਸ ਬਾਰੇ ਪਤਾ ਲੱਗਣ ’ਤੇ ਸਰਕਾਰ ਨੇ ਤੁਰੰਤ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ। ਇੰਨਾ ਹੀ ਨਹੀਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਖ਼ਰਚਾ ਵੀ ਪੰਜਾਬ ਸਰਕਾਰ ਹੀ ਚੁੱਕ ਰਹੀ ਸੀ। ਰੇਤ ਠੇਕੇਦਾਰ ਦੀ ਸੁਰੱਖਿਆ ਦੇ ਬਦਲੇ ਮੁਲਾਜ਼ਮਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖ਼ਾਹ ਦਿੱਤੀ ਜਾ ਰਹੀ ਹੈ।