
ਆਖ਼ਰ ਵਿਦੇਸ਼ਾਂ ਵਿਚ ਐਮ.ਬੀ.ਬੀ.ਐਸ. ਕਰਨ ਲਈ ਕਿਉਂ ਮਜਬੂਰ ਹਨ ਭਾਰਤੀ ਵਿਦਿਆਰਥੀ
ਬਟਾਲਾ, 20 ਅਪ੍ਰੈਲ (ਵਿਜੇ ਥਾਪਰ) : ਭਾਰਤ ਵਿਚ ਡਾਕਟਰ ਬਣਨ ਦੀ ਚਾਹਤ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿਚ ਹੈ ਅਤੇ ਅਪਣੇ ਬੱਚੇ ਨੂੰ ਡਾਕਟਰ ਬਣਾਉਣ ਦਾ ਸੁਪਨਾ ਵੀ ਲੱਖਾਂ ਮਾਤਾ-ਪਿਤਾ ਅਪਣੇ ਮਨ ਵਿਚ ਸੰਜੋਈ ਬੈਠੇ ਹਨ ਪਰ ਕਿ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਸੁਪਨਾ ਪੂਰਾ ਹੋ ਰਿਹਾ ਹੈ ਜਾਂ ਫਿਰ ਸਰਕਾਰਾਂ ਅਤੇ ਸਰਕਾਰੀ ਸਕੀਮਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਸੁਪਨੇ ਚਕਨਾਚੂਰ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਜਾ ਕੇ ਡਾਕਟਰੀ ਦੀ ਪੜ੍ਹਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ |
ਡਾਕਟਰੀ ਸਿਖਿਆ ਨੂੰ ਲੈ ਕੇ ਸਰਕਾਰ ਅਤੇ ਸਰਕਾਰੀ ਸਿਖਿਆ ਨੀਤੀ ਦੀ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਭਾਰਤ ਵਿਚ ਡਾਕਟਰ ਬਣਨ ਦਾ ਕਿੰਨੇ ਲੋਕ ਸਪਨਾ ਸੰਜੋਈ ਬੈਠੇ ਹਨ | 2019 ਵਿਚ ਸਰਕਾਰ ਵਲੋਂ ਲਏ ਗਏ ਨੀਟ ਦੇ ਪੇਪਰ ਵਿਚ ਕਰੀਬ 15 ਲੱਖ ਵਿਦਿਆਰਥੀਆਂ ਨੂੰ ਇਹ ਪੇਪਰ ਦਿਤਾ ਸੀ | ਬੀਤੇ ਵਰ੍ਹੇ ਵੀ 13 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿਤੀ ਸੀ | ਜੇਕਰ ਅਸੀਂ ਭਾਰਤ ਵਿਚ ਐਮ.ਬੀ.ਬੀ.ਐਸ ਅਤੇ ਬੀ.ਸੀ.ਐਸ ਸੀਟਾਂ ਦੀ ਗੱਲ ਕਰੀਏ ਤਾਂ ਮੁਕਾਬਲਾ ਇੰਨਾ ਜ਼ਿਆਦਾ ਸਖ਼ਤ ਨਜ਼ਰ ਆਉਂਦਾ ਹੈ ਕਿ ਇਕ ਸੀਟ 'ਤੇ 18 ਦੇ ਕਰੀਬ ਵਿਦਿਆਰਥੀ ਦੀ ਹੀ ਚੋਣ ਕੀਤੀ ਜਾ ਸਕਦੀ ਹੈ | ਇਸ ਕਰ ਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਭਾਰਤ ਵਿਚ ਡਾਕਟਰ ਬਣਨ ਦੀ ਤਾਂਘ ਅਧੂਰੀ ਰਹਿ ਜਾਂਦੀ ਹੈ | ਜਿਸ ਕਰ ਕੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਲ ਮੂੰਹ ਕਰਨਾ ਪੈਂਦਾ ਹੈ |
ਜੇਕਰ ਵਿਦੇਸ਼ਾਂ ਵਿਚ ਐਮ.ਬੀ.ਬੀ.ਐਸ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਅੰਕੜਿਆਂ ਵਲ ਧਿਆਨ ਮਾਰੀਏ ਤਾਂ ਇਹ ਅੰਕੜਾ ਭਾਰਤ ਵਿਚ ਐਮ.ਬੀ.ਬੀ.ਐਸ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ 16500 ਹੈ, ਫਿਲਪਾਈਨ ਵਿਚ ਵੀ 15000, ਜੋਰਜੀਆ ਵਿਚ 7500, ਕਜਾਕਿਸਤਾਨ ਵਿਚ 5300, ਗ਼ਰੀਬ ਬੰਗਲਾਦੇਸ਼ ਵਿਚ ਵੀ 5200 ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ | ਇਥੋਂ ਤਕ ਨੇਪਾਲ ਵਿਚ ਵੀ 2200 ਵਿਦਿਆਰਥੀ ਐਮ.ਬੀ.ਬੀ.ਐਸ ਕਰ ਰਹੇ ਹਨ |
ਹੁਣ ਸਵਾਲ ਵੱਡਾ ਇਹ ਉਠਦਾ ਹੈ ਕਿ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਵਲੋਂ ਐਮ.ਬੀ.ਬੀ.ਐਸ ਕਰਨ ਦਾ ਅੰਕੜਾ ਇੰਨਾ ਵੱਡਾ ਕਿਉਂ ਹੈ ਇਕ ਕਾਰਨ ਤਾਂ ਸਪਸ਼ੱਟ ਹੋ ਚੁਕਾ ਹੈ ਕਿ ਭਾਰਤ ਵਿਚ ਡਾਕਟਰ ਬਣਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ ਜਦਕਿ ਸਾਰੇ ਮੈਡੀਕਲ ਕਾਲਜਾਂ ਵਿਚ ਮੌਜੂਦਾ ਸੀਟਾਂ ਹਜ਼ਾਰਾਂ ਵਿਚ ਹਨ | 2021 ਵਿਚ 38120 ਐਮ.ਬੀ.ਬੀ.ਐਸ ਦੀਆਂ ਸੀਟਾਂ ਸਨ ਜਦਕਿ ਬੀ.ਡੀ.ਐਮ ਦੀਆਂ 27498 ਸੀਟਾਂ ਹਨ ਮੈਡੀਕਲ ਕਾਲਜਾਂ ਅਤੇ ਸੀਟਾਂ ਦੀ ਘਾਟ ਹੋਣ ਕਰ ਕੇ ਵਿਦਿਆਰਥੀ ਵਿਦੇਸ਼ਾਂ ਵਿਚ ਡਾਕਟਰੀ ਸਿਖਿਆ ਲੈਣ ਲਈ ਮਜਬੂਰ ਹਨ |
ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਐਮ.ਬੀ.ਬੀ.ਐਸ ਕਰਨ ਦਾ ਦੂਸਰਾ ਵੱਡਾ ਕਾਰਨ ਭਾਰਤੀ ਐਮ.ਬੀ.ਬੀ.ਐਸ ਦਾ ਇੰਨਾਂ ਮਹਿੰਗਾ ਹੋਣਾ ਹੈ | ਜੇਕਰ ਫ਼ੀਸਾਂ ਦੀ ਗੱਲ ਕਰੀਏ ਤਾਂ ਸਰਕਾਰੀ ਅਤੇ ਨਿੱਜੀ ਕਾਲਜਾਂ ਵਿਚ ਸੀਟਾਂ ਨੂੰ ਤਿੰਨ ਸਲੋਪ ਵਿਚ ਵੰਡ ਦਿਤੀ ਗਈ ਹੈ | ਪਹਿਲੀ ਸ਼੍ਰੈਣੀ ਵਿਚ ਨੀਟ ਦੀ ਪ੍ਰੀਖਿਆ ਵਿਚੋਂ ਵਧੀਆ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਕਾਲਜਾਂ ਵਿਚ ਦਾਖ਼ਲਾ ਦਿਤਾ ਜਾਂਦਾ ਹੈ ਜਿਸ ਦੀ ਫ਼ੀਸ ਡੇਢ ਲੱਖ ਹੈ | ਦੂਸਰੇ ਸਲੋਪ ਵਿਚ ਨਿੱਜੀ ਮੈਡੀਕਲ ਕਾਲਜਾਂ ਵਿਚ ਸਰਕਾਰੀ ਕੋਟੇ ਤਹਿਤ ਐਮ.ਬੀ.ਬੀ.ਐਸ ਵਿਚ ਦਾਖ਼ਲਾ ਦਿਤਾ ਜਾਂਦਾ ਹੈ ਜਿਸ ਦੀ ਸਾਲਾਨਾ ਫ਼ੀਸ ਕਰੀਬ 5 ਲੱਖ ਰੁਪਏ ਵਸੂਲੀ ਜਾਂਦੀ ਹੈ | ਤੀਸਰੇ ਸਲੋਪ ਵਿਚ ਮੈਨੇਜਮੈਂਟ ਕੋਟੇ ਤਹਿਤ ਦਾਖ਼ਲਾ ਦਿਤਾ ਜਾਂਦਾ ਹੈ ਜਿਸ ਤਹਿਤ 14 ਲੱਖ ਦੇ ਕਰੀਬ ਸਾਲਾਨਾ ਫ਼ੀਸ ਦੇਣੀ ਪੈਂਦੀ ਹੈ ਜੋ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ | ਫ਼ੀਸਾਂ ਜ਼ਿਆਦਾ ਹੋਣ ਕਰ ਕੇ ਵੀ ਵਿਦਿਆਰਥੀ ਵਿਦੇਸ਼ਾਂ ਵਿਚ ਐਮ.ਬੀ.ਬੀ.ਐਸ ਕਰਨ ਲਈ ਮਜਬੂਰ ਹਨ | ਚੀਨ ਵਿਚ ਐਮ.ਬੀ.ਬੀ.ਐਸ ਦੀ ਡਿਗਰੀ ਦਾ ਖਰਚਾ 35 ਲੱਖ ਹੈ, ਜਦਕਿ ਯੂਕ੍ਰੇਨ ਵਿਚ ਇਹ ਡਿਗਰੀ 17-38 ਲੱਖ ਵਿਚ ਐਮ.ਬੀ.ਬੀ.ਐਸ ਦੀ ਡਿਗਰੀ ਮੁਕੰਮਲ ਕੀਤੀ ਜਾ ਸਕਦੀ ਹੈ | ਹੋਰ ਦੂਸਰੇ ਦੇਸ਼ਾਂ ਵਿਚ ਵੀ ਐਮ.ਬੀ.ਬੀ.ਐਸ ਦੀਆਂ ਫ਼ੀਸਾਂ ਭਾਰਤ ਨਾਲੋਂ ਕਿਤੇ ਘੱਟ ਹੈ | ਇਹ ਕਾਰਨ ਹੈ ਕਿ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀ ਡਾਕਟਰੀ ਸਿਖਿਆ ਹਾਸਲ ਕਰ ਰਹੇ ਹਨ | ਅਜਿਹੀ ਸਥਿਤੀ ਵਿਚ ਭਾਰਤ ਸਰਕਾਰ 'ਤੇ ਕਈ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਜੇਕਰ ਐਮ.ਬੀ.ਬੀ.ਐਸ ਕਰਨ ਦੀ ਗਿਣਤੀ ਇੰਨੀ ਜ਼ਿਆਦਾ ਹੈ ਤਾਂ ਮੈਡੀਕਲ ਕਾਲਜਾਂ ਦੀ ਗਿਣਤੀ ਵਿਚ ਵਾਧਾ ਕਿਉਂ ਨਹੀਂ ਕੀਤਾ ਅਤੇ ਫ਼ੀਸਾਂ ਵਿਚ ਬੇਹਤਾਸ਼ਾ ਵਾਧਾ ਕਿਉਂ ਕੀਤਾ ਗਿਆ ਹੈ?